ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੇ 26 ਮਈ ਦੇ ਦਿਨ ਨੂੰ ‘ਕਾਲਾ ਦਿਵਸ’ ਮਨਾਉਣ ਦਾ ਐਲਾਨ ਕੀਤਾ ਹੈ । ਇਸ ਦੇ ਸਬੰਧ ਵਿੱਚ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਦੀਆਂ ਸਰਹੱਦਾਂ ਵੱਲ ਰਵਾਨਾ ਹੋਏ ਹਨ ।
ਕੇਂਦਰ ਸਰਕਾਰ ਦੇ ਤਿੰਨ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਸਾਨਾਂ ਨੂੰ 6 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ । ਸਰਕਾਰ ਅਤੇ ਕਿਸਾਨ ਧਿਰਾਂ ਵਿਚਾਲੇ 11 ਦੌਰ ਦੀ ਗੱਲਬਾਤ ਤੋਂ ਬਾਅਦ ਵੀ ਕਿਸੇ ਠੋਸ ਮੁੱਦੇ ‘ਤੇ ਕੋਈ ਠੋਸ ਸਮਝੌਤਾ ਨਹੀਂ ਹੋਈ ਹੈ ।
ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਡਾਕਟਰ ਦਰਸ਼ਨ ਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਪਿੰਡਾਂ, ਸ਼ਹਿਰਾਂ ਅਤੇ ਦਿੱਲੀ ਦੀਆਂ ਸਰਹੱਦਾਂ ‘ਤੇ ਵਿਰੋਧ ਪ੍ਰਦਰਸ਼ਨ ਕਰਾਂਗੇ । ਹਾਲਾਂਕਿ, ਇਹ ਤਾਕਤ ਦਾ ਪ੍ਰਦਰਸ਼ਨ ਨਹੀਂ, ਬਲਕਿ ਵਿਰੋਧਤਾ ਹੋਵੇਗਾ।
ਅਸੀਂ ਇਹ ਕਾਲੀ ਪੱਗ, ਸਕਾਰਫ ਜਾਂ ਕਾਲੇ ਕੱਪੜੇ ਪਾ ਕੇ ਕਰਾਂਗੇ … ਕਿਸਾਨ ਆਪਣੀਆਂ ਛੱਤਾਂ, ਟਰੈਕਟਰਾਂ ਤੇ ਕਾਲੇ ਝੰਡੇ ਲਗਾਉਣਗੇ ਅਤੇ ਸੂਬੇ ਦੇ ਹਰ ਪਿੰਡ ਅਤੇ ਦਿੱਲੀ ਦੀਆਂ ਸਰਹੱਦਾਂ ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ ।” ਉਨ੍ਹਾਂ ਕਿਹਾ ਕਿ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ ਕੋਵਿਡ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਜਾਵੇਗਾ।
ਸਿੰਘ ਨੇ ਕਿਹਾ, ‘ਇਹ ਮੰਦਭਾਗਾ ਹੈ ਕਿ ਸਰਕਾਰ ਸਾਡੀ ਦੁਰਦਸ਼ਾ ਨੂੰ ਨਾ ਦੇਖ ਕੇ ਸਾਨੂੰ ਖਲਨਾਇਕ ਵਜੋਂ ਦਿਖਾ ਰਹੀ ਹੈ। ਉਨ੍ਹਾਂ ਨੂੰ ਆਪਣੇ ਪੁਰਾਣੇ ਪ੍ਰਸਤਾਵਾਂ ਨੂੰ ਸੁਧਾਰਨ ਦੀ ਜ਼ਰੂਰਤ ਹੈ। ਕਿਸਾਨ ਅਸਲ ਮੰਗਾਂ ਲਈ ਆਪਣੀ ਜਾਨ ਜੋਖਮ ਵਿੱਚ ਪਾ ਰਹੇ ਹਨ ।
ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਣ ਸਿੰਘ ਪੰਧੇਰ ਨੇ ਕਿਹਾ, “ਪਹਿਲਾਂ ਅਸੀਂ ਇੱਕ ਸਮੇਂ ਵਿੱਚ 15-20 ਹਜ਼ਾਰ ਦੇ ਕਾਫਲੇ ਵਿੱਚ ਜਾਂਦੇ ਸੀ, ਹੁਣ ਇਹ ਅੰਕੜੇ ਇੱਕ ਵਾਰ ਵਿੱਚ 4-5 ਹਜ਼ਾਰ ਹੋ ਗਏ ਹਨ।” ਉਨ੍ਹਾਂ ਕਿਹਾ, ‘ਸਾਡਾ ਧਰਨਾ ਦਿੱਲੀ ਸਰਹੱਦ ‘ਤੇ ਮਹਾਂਮਾਰੀ ਦੇ ਵਿਚਕਾਰ ਸ਼ੁਰੂ ਹੋਇਆ ਸੀ, ਸਾਡੇ ਧਰਨੇ ਨੂੰ 6 ਮਹੀਨੇ ਪੂਰੇ ਹੋਣ ਜਾ ਰਹੇ ਹਨ ਅਤੇ ਕੋਵਿਡ ਅਜੇ ਵੀ ਇੱਥੇ ਹੈ ।
ਦੱਸ ਦੇਈਏ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ ਕਿ ਅਸੀਂ ਕਿਸਾਨ ਅੰਦੋਲਨ ਨੂੰ ਖੇਤੀ ਕਾਨੂੰਨ ਰੱਦ ਹੋਣ ਤੱਕ ਜਾਰੀ ਰੱਖਾਂਗੇ। ਕੋਰੋਨਾ ਨਾਲ ਮੌਤ ਦਰ 5 ਤੋਂ 10 ਪ੍ਰਤੀਸ਼ਤ ਹੈ, ਜਦਕਿ ਕਾਨੂੰਨਾਂ ਦੀ ਮੌਤ ਦਰ 100 ਫ਼ੀਸਦੀ ਹੈ।