ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ । ਇਸੇ ਵਿਚਾਲੇ ਵਿਸ਼ਵ ਸਿਹਤ ਸੰਗਠਨ (WHO) ਦੇ ਯੂਰਪੀਅਨ ਡਾਇਰੈਕਟਰ ਨੇ ਸ਼ੁੱਕਰਵਾਰ ਨੂੰ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਘੱਟੋ-ਘੱਟ 70% ਲੋਕਾਂ ਦਾ ਟੀਕਾਕਰਨ ਨਹੀਂ ਹੋ ਜਾਂਦਾ, ਉਦੋਂ ਤੱਕ ਕੋਵਿਡ-19 ਮਹਾਂਮਾਰੀ ਖ਼ਤਮ ਨਹੀਂ ਹੋਵੇਗੀ ।
ਦਰਅਸਲ, WHO ਦੇ ਯੂਰਪ ਦੇ ਖੇਤਰੀ ਨਿਰਦੇਸ਼ਕ ਹਾਂਸ ਕਲੂਗ ਨੇ ਕਿਹਾ ਕਿ ਵਾਇਰਸ ਦੇ ਨਵੇਂ ਸਟ੍ਰੇਨ ਦੀ ਵਧਦੀ ਸੰਕ੍ਰਮਕਤਾ ਵੀ ਚਿੰਤਾ ਦਾ ਵਿਸ਼ਾ ਹੈ। ਕਲੂਗ ਨੇ ਕਿਹਾ ਕਿ ਉਦਾਹਰਣ ਲਈ ਅਸੀਂ ਜਾਣਦੇ ਹਾਂ ਕਿ B.1617 ਵੈਰੀਐਂਟ B.117 (ਬ੍ਰਿਟਿਸ਼ ਵੈਰੀਐਂਟ) ਦੀ ਤੁਲਨਾ ਵਿੱਚ ਜ਼ਿਆਦਾ ਟ੍ਰਾਂਸਿਮਸੇਬਲ ਹੈ। ਜਦੋਂ ਕਿ B.117 ਪਿਛਲੇ ਸਟ੍ਰੇਨ ਦੀ ਤੁਲਨਾ ਵਿੱਚ ਵਧੇਰੇ ਟ੍ਰਾਂਸਿਮਸੇਬਲ ਸੀ।
WHO ਦੇ ਯੂਰਪੀਅਨ ਖੇਤਰ ਵਿੱਚ ਮੱਧ ਏਸ਼ੀਆ ਦੇ ਕਈ ਦੇਸ਼ਾਂ ਸਣੇ 53 ਦੇਸ਼ ਅਤੇ ਪ੍ਰਦੇਸ਼ ਸ਼ਾਮਿਲ ਹੈ। ਇੱਥੇ 26 ਪ੍ਰਤੀਸ਼ਤ ਆਬਾਦੀ ਨੂੰ ਕੋਵਿਡ-19 ਟੀਕੇ ਦੀ ਪਹਿਲੀ ਡੋਜ਼ ਮਿਲੀ ਹੈ। ਉੱਥੇ ਹੀ ਯੂਰਪੀਅਨ ਯੂਨੀਅਨ ਵਿੱਚ 36.6 ਪ੍ਰਤੀਸ਼ਤ ਆਬਾਦੀ ਨੂੰ ਘੱਟੋ-ਘੱਟ ਇੱਕ ਖੁਰਾਕ ਮਿਲੀ ਹੈ ਅਤੇ 16.9 ਪ੍ਰਤੀਸ਼ਤ ਲੋਕਾਂ ਨੂੰ ਦੋਨੋਂ ਡੋਜ਼ ਮਿਲ ਚੁੱਕੀਆਂ ਹਨ।
ਇਸ ਤੋਂ ਅੱਗੇ ਕਲੂਗ ਨੇ ਕਿਹਾ ਕਿ ਜਦੋਂ ਟੀਕਾ ਕੋਰੋਨਾ ਵਾਇਰਸ ਮਿਊਟੇਸ਼ਨ ਦੇ ਵਿਰੁੱਧ ਪ੍ਰਭਾਵਸ਼ਾਲੀ ਸਿੱਧ ਹੋਇਆ ਹੈ, ਉਦੋਂ ਵੀ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਫੇਸ ਮਾਸਕ ਪਾਉਣ ਦੀ ਸਲਾਹ ਨੂੰ ਦੁਹਰਾਇਆ।
ਕਲੂਗ ਨੇ ਕਿਹਾ ਕਿ ਸਾਡਾ ਸਭ ਤੋਂ ਚੰਗਾ ਮਿੱਤਰ ਗਤੀ ਹੈ, ਸਮਾਂ ਸਾਡੇ ਵਿਰੁੱਧ ਕੰਮ ਕਰ ਰਿਹਾ ਹੈ ਅਤੇ ਟੀਕਾਕਰਨ ਰੋਲ ਆਉਟ ਅਜੇ ਬਹੁਤ ਹੌਲੀ ਹੈ। ਸਾਨੂੰ ਇਸ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ, ਸਾਨੂੰ ਟੀਕਿਆਂ ਦੀ ਗਿਣਤੀ ਵਧਾਉਣ ਦੀ ਜ਼ਰੂਰਤ ਹੈ।
ਇਸ ਵਿਚਾਲੇ WHO ਦੇ ਐਮਰਜੈਂਸੀ ਚੀਫ ਮਾਈਕਲ ਰਿਆਨ ਨੇ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਨੂੰ ਉਜਾਗਰ ਕਰਨ ਦੀਆਂ ਕੋਸ਼ਿਸ਼ਾਂ ਰਾਜਨੀਤੀ ਵਿੱਚ ਰੁਕਾਵਟ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਗਿਆਨੀਆਂ ਨੂੰ ਰਹੱਸ ਨੂੰ ਸੁਲਝਾਉਣ ਲਈ ਜਗ੍ਹਾ ਦੀ ਜ਼ਰੂਰਤ ਹੈ।