ਅੰਮ੍ਰਿਤਸਰ : ਪੰਜਾਬੀ ਸਾਹਿਤ ਦੇ ਮਸ਼ਹੂਰ ਅਲੋਚਕ ਸਮੀਖਿਆਕਾਰ ਤੇ ਉੱਘੇ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੀ ਉਮਰ 69 ਸਾਲ ਸੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਨਰੇਰੀ ਪ੍ਰੋਫੈਸਰ ਦੇ ਅਹੁਦੇ ‘ਤੇ ਤਾਇਨਾਤ ਸਨ, ਉਨ੍ਹਾਂ ਨੇ ਯੂਨੀਵਰਸਿਟੀ ਦੇ ਸੈਂਟਰ ਫਾਰ ਇੰਮੀਗਰੈਂਟ ਦੇ ਮੁਖੀ ਵਜੋਂ ਵੀ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਹ ਭਾਈ ਵੀਰ ਸਿੰਘ ਖੋਜ ਕੇਂਦਰ ਚੀਫ ਖਾਲਸਾ ਦੀਵਾਨ ਦੇ ਡਾਇਰੈਕਟਰ ਵੀ ਰਹੇ।
ਉਹ ਆਪਣੇ ਪਿੱਛੇ ਦੋ ਪੁੱਤਰ ਹਰਨੂਰ ਸਿੰਘ ਬੇਦੀ, ਅੰਬਰਮੀਤ ਸਿਘ ਬੇਦੀ ਅਤੇ ਪਤਨੀ ਸਤਵੰਤ ਕੌਰ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਮਿਤੀ 30 ਮਈ ਨੂੰ ਸਵੇਰੇ ਨਰਾਇਣਗੜ੍ਹ ਵਿਖੇ ਹੋਵੇਗਾ। ਦੱਸਣਯੋਗ ਹੈ ਕਿ ਉਨ੍ਹਾਂ ਦੇ ਪਿਤਾ ਬੇਦੀ ਲਾਲ ਵੀ ਉੱਘੇ ਸਾਹਿਤਕਾਰ ਸਨ ਅਤੇ ਉਨ੍ਹਾਂ ਦੇ ਭਰਾ ਦਿਲਜੀਤ ਸਿੰਘ ਬੇਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਹਨ। ਡਾ. ਬੇਦੀ ਨੂੰ ਪਿਛਲੇ ਸਾਲ ਪਹਿਲੇ ਪਰਵਾਸੀ ਸਾਹਿਤ ਚਿੰਤਕ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ ਸੀ। ਡਾ. ਹਰਚੰਦ ਸਿੰਘ ਬੇਦੀ ਦਾ ਵਧੇਰੇ ਖੋਜ ਕਾਰਜ ਜਿੱਥੇ ਪ੍ਰਵਾਸੀ ਪੰਜਾਬੀ ਸਾਹਿਤ ਆਲੋਚਨਾ ਦਾ ਹੈ ਉੱਥੇ ਇਸ ਤੋਂ ਇਲਾਵਾ ਉਨ੍ਹਾਂ ਨੇ ਸਿੱਖ ਇਤਿਹਾਸ ਤੇ ਦਰਸ਼ਨ, ਅਦਬੀ ਸ਼ਖ਼ਸੀਅਤਾਂ ਬਾਰੇ ਹਵਾਲਾ ਪੁਸਤਕਾਂ, ਜੀਵਨੀ ਮੂਲਕ ਪੁਸਤਕਾਂ ਵੀ ਸਾਹਿਤ ਜਗਤ ਦੀ ਝੋਲੀ ਪਾਈਆਂ ਹਨ।