Operation Blue Star June 2: ਜੂਨ 1984 ਸਿੱਖ ਮਾਨਸਿਕਤਾ ‘ਤੇ ਅਜਿਹਾ ਜ਼ਖ਼ਮ ਐ ਜੋ ਹਰ ਸਾਲ ਨਾਸੂਰ ਬਣ ਕੇ ਵਹਿੰਦਾ। ਇਸ ਦੀ ਪੀੜ ਅੱਜ ਇੰਨੇ ਸਾਲਾਂ ਮਗਰੋਂ ਵੀ ਹਰ ਸਿੱਖ ਦੀ ਅੱਖ ਵਿਚੋਂ ਸਾਫ਼ ਨਜ਼ਰ ਆਉਂਦੀ ਹੈ। ਦਰਅਸਲ ਇਹ ਹਮਲਾ ਭਾਵੇਂ 6 ਜੂਨ 1984 ਨੂੰ ਹੋਇਆ ਸੀ। ਪਰ ਇਸ ਦੀ ਤਿਆਰੀ ਬਹੁਤ ਸਮਾਂ ਪਹਿਲਾਂ ਹੀ ਹੋ ਚੁੱਕੀ ਸੀ। 28 ਮਈ 1984 ਨੂੰ ਭਾਰਤ ਸਰਕਾਰ ਵੱਲੋਂ ਪੂਰੇ ਪੰਜਾਬ ਵਿਚ ਫ਼ੌਜ ਤਾਇਨਾਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਸ਼ਹਿਰਾਂ ਦੇ ਗਲੀਆਂ ਮੁਹੱਲਿਆਂ ਵਿਚ ਫ਼ੌਜ ਹਰਲ ਹਰਲ ਕਰਦੀ ਫਿਰ ਰਹੀ ਸੀ।
1 ਜੂਨ ਦੀ ਹੋਈ ਗੋਲੀਬਾਰੀ ਮਗਰੋਂ ਅਗਲੀ ਸਵੇਰ ਯਾਨੀ 2 ਜੂਨ ਨੂੰ ਸ਼ਹਿਰ ਦੇ ਸਿੱਖ ਅਤੇ ਦੂਰ ਦੁਰਾਡਿਓਂ ਸਿੱਖ ਸੰਗਤਾਂ ਵਹੀਰਾਂ ਘੱਤ ਕੇ ਸ੍ਰੀ ਦਰਬਾਰ ਸਾਹਿਬ ਵੱਲ ਤੁਰ ਪਈਆਂ। ਖ਼ਬਰ ਅੱਗ ਦੀ ਤਰ੍ਹਾਂ ਫੈਲ ਗਈ ਸੀ ਕਿ ਸੀਆਰਪੀਐਫ ਨੇ ਸ੍ਰੀ ਦਰਬਾਰ ਸਾਹਿਬ ਵੱਲ ਗੋਲੀ ਚਲਾਈ ਹੈ। ਸਰਕਾਰ ਨੇ ਸਾਰੀਆਂ ਅਖ਼ਬਾਰਾਂ ਬੰਦ ਕਰ ਦਿੱਤੀਆਂ ਕਿਉਂਕਿ ਭਾਰਤ ਸਰਕਾਰ ਚਾਹੁੰਦੀ ਸੀ ਕਿ ਉਸ ਦੇ ਇਸ ਕਾਲੇ ਕਾਰਨਾਮੇ ਦੀ ਰਿਪੋਰਟ ਕਿਸੇ ਤੱਕ ਨਾ ਪੁੱਜੇ। ਇਸ ਲਈ ਅੰਮ੍ਰਿਤਸਰ ਵਿਚ ਤਾਇਨਾਤ ਵਿਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਵਿਚੋਂ ਬਾਹਰ ਚਲੇ ਜਾਣ ਦੀ ਫ਼ਰਮਾਨ ਜਾਰੀ ਕਰ ਦਿੱਤੇ ਗਏ।
ਅਕਤੂਬਰ 1983 ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ ‘ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ ‘ਆਪਰੇਸ਼ਨ ਬਲੂ ਸਟਾਰ’ ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚੋਂ ਕੱਢਣ ਲਈ ਕੀਤਾ ਗਿਆ।