illegal mining in sutlej river: ਵਿਧਾਨ ਸਭਾ ਹਲਕਾ ਪੱਟੀ ਇਲਾਕੇ ਦੇ ਹਥਾੜ ਏਰੀਏ ਅੰਦਰੋਂ ਲੰਘਦੇ ਸਤਲੁਜ ਦਰਿਆ ਉਪਰ ਪੁੱਲ ਤੋਂ ਕਰੀਬ ਸੱਤ ਸੌ ਮੀਟਰ ਦੂਰ ਪਿੰਡ ਕੋਟਬੁੱਢਾ ਦੀ ਜ਼ਮੀਨ ਅੰਦਰੋਂ ਹਫ਼ਤੇ ਤੋਂ ਰੇਤੇ ਦੀ ਨਾਜ਼ਾਇਜ ਮਾਈਨਿੰਗ ਧੜੱਲੇ ਨਾਲ ਕੀਤੀ ਜਾ ਰਹੀ ਹੈ, ਜਦੋਂ ਕਿ ਸੂਬਾ ਸਰਕਾਰ ਵੱਲੋਂ ਪੱਟੀ ਸਬ-ਡਵੀਜ਼ਨ ਦੇ ਇਸ ਇਲਾਕੇ ਅੰਦਰ ਰੇਤਾ ਦੀ ਮਾਈਨਿੰਗ ਲਈ ਕੋਈ ਖੱਡ ਨਿਰਧਾਰਤ ਨਹੀਂ ਕੀਤੀ ਗਈ। ਠੇਕੇਦਾਰਾਂ ਵੱਲੋਂ ਪ੍ਰਸ਼ਾਸਨ ਦੀ ਕਥਿਤ ਮਿਲੀ ਭੁਗਤ ਨਾਲ ਇਸ ਮਾਈਨਿੰਗ ਨਾਲ ਸਰਕਾਰ ਦੀ ਆਮਦਨੀ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਪੁਲ ਦੇ ਨਜ਼ਦੀਕ ਕੀਤੀ ਜਾ ਰਹੀ ਮਾਈਨਿੰਗ ਪੁਲ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੀ ਹੈ।
ਮਾਈਨਿੰਗ ਵਾਲਾ ਇਲਾਕਾ ਥਾਣਾ ਸਦਰ ਪੱਟੀ ਦੇ ਅਧੀਨ ਆਉਂਦਾ ਹੈ ਤੇ ਮਾਈਨਿੰਗ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਲ੍ਹਾ ਪੁਲੀਸ ਮੁੱਖੀ ਤਰਨਤਾਰਨ ਵੱਲੋਂ ਨਾਜ਼ਾਇਜ ਮਾਈਨਿੰਗ ਨੂੰ ਰੋਕਣ ਲਈ ਸਖ਼ਤ ਆਦੇਸ਼ ਦਿੱਤੇ ਸਨ। ਮਾਈਨਿੰਗ ਦੀ ਤੁਲਾਈ ਲਈ ਪੁਲ ਦੀ ਨਜ਼ਦੀਕ ਕੰਡਾ ਵੀ ਲਗਾਇਆ ਗਿਆ ਹੈ ਤੇ ਮਾਈਨਿੰਗ ਠੇਕੇਦਾਰਾਂ ਵੱਲੋਂ ਵਹੀਕਲਾਂ ਨੂੰ ਛੁਪਾ ਕੇ ਰੱਖਣ ਲਈ ਪੁੱਲ ਹੇਠ ਖੜ੍ਹਾ ਕੀਤਾ ਜਾ ਰਿਹਾ ਹੈ। ਪੁਲ ਦੇ ਨਜ਼ਦੀਕ ਕੀਤੀ ਜਾ ਰਹੀ ਮਾਈਨਿੰਗ ਵਾਲੀ ਜ਼ਮੀਨ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਵਿਅਕਤੀ ਦੀ ਦੱਸੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਕੁਝ ਸਥਾਨਕ ਲੋਕ ਵੀ ਇਸ ਧੰਦੇ ਵਿੱਚ ਸ਼ਾਮਲ ਹਨ। ਐੱਸਡੀਅੇੱਮ ਪੱਟੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸਬ-ਡਵੀਜਨ ਪੱਟੀ ਅੰਦਰ ਰੇਤ ਮਾਈਨਿੰਗ ਲਈ ਕੋਈ ਖੱਡ ਨਿਰਧਾਰਤ ਨਹੀਂ ਕੀਤੀ ਗਈ ਤੇ ਮਾਈਨਿੰਗ ਵਾਲੀ ਥਾਂ ’ਤੇ ਉਹ ਸਬੰਧਤ ਅਫਸਰਾਂ ਨੂੰ ਭੇਜ ਰਹੇ ਹਨ ਤੇ ਨਾਜ਼ਾਇਜ ਮਾਈਨਿੰਗ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।