ਇਕ ਵਾਰ ਗੁਰੂ ਨਾਨਕ ਦੇਵ ਜੀ ਕਿਸੇ ਪਿੰਡ ਵਿੱਚ ਪਹੁੰਚੇ ਨੇ ਜਿੱਥੇ ਕਿਸੇ ਪੀਰ ਦਾ ਡੇਰਾ ਵੀ ਸੀ। ਪਿੰਡ ਵਿੱਚ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਇਕ ਦਰੱਖਤ ਹੇਠਾਂ ਬੈਠ ਕੇ ਧਿਆਨ ਲਾਉਣ ਲੱਗੇ ਤੇ ਨਾਲ ਬੋਲਣ ਲੱਗੇ ਲੱਖ ਪਤਾਲ ਤੇ ਲੱਖ ਅਗਾਸ। ਓਥੋਂ ਹੀ ਪੀਰ ਦਾ ਚੇਲਾ ਵੀ ਲੰਘ ਰਿਹਾ ਸੀ। ਇਹ ਸਭ ਸੁਣਨ ਤੋਂ ਬਾਅਦ ਪੀਰ ਦਾ ਚੇਲਾ ਆਪਣੇ ਗੁਰੂ ਕੋਲ ਗਿਆ ਤੇ ਬੋਲਣ ਲੱਗਾ ਕਿ ਤੁਸੀਂ 7 ਪਤਾਲ ਤੇ 7 ਅਗਾਸ ਬੋਲ ਰਹੇ ਹੋ ਓਥੇ ਦਰੱਖਤ ਹੇਠ ਬੈਠਾ ਇਕ ਵਿਅਕਤੀ ਲੱਖ ਪਾਤਾਲ ਤੇ ਲੱਖ ਅਗਾਸ ਦਾ ਗਿਆਨ ਲੋਕਾਂ ਨੂੰ ਦੇ ਰਿਹਾ ਹੈ।
ਇਸ ‘ਤੇ ਪੀਰ ਗੁੱਸੇ ਵਿੱਚ ਆ ਕੇ ਗੁਰੂ ਨਾਨਕ ਦੇਵ ਜੀ ਕੋਲ ਪਹੁੰਚਦਾ ਹੈ ਤੇ ਕਹਿਣ ਲੱਗਦਾ ਹੈ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਜਦੋਂ ਕਿ ਸੱਤ ਪਤਾਲ ਤੇ ਸੱਤ ਅਗਾਸ ਸਨ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸਨ ਕਿ ਜਿਸਦੀ ਜਿੰਨੀ ਭਗਤੀ ਉਹੋ ਓਨਾ ਹੀ ਦੇਖ ਸਕਦਾ ਹੈ। ਇਸ ’ਤੇ ਪੀਰ ਕਹਿਣ ਲੱਗਾ ਨਹੀਂ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਚੁਣੌਤੀ ਦਿੱਤੀ ਕਿ ਮੈਂ ਲੁੱਕਦਾ ਹਾਂ ਤੇ ਤੁਸੀ ਮੈਨੂੰ ਲੱਭ ਕੇ ਦਿਖਾਓ।
ਇਸ ’ਤੇ ਗੁਰੂ ਨਾਨਕ ਦੇਵ ਜੀ ਮੰਨ ਜਾਂਦੇ ਹਨ ਤਾਂ ਪੀਰ ਸੱਤਵੇਂ ਪਾਤਾਲ ਤੇ ਛੱਪੜ ’ਤੇ ਇੱਕ ਪੱਤੇ ਉਪਰ ਡੱਡੂ ਦੇ ਰੂਪ ਵਿਚ ਬੈਠ ਜਾਂਦਾ ਹੈ। ਫਿਰ ਗੁਰੂ ਨਾਨਕ ਦੇਵ ਜੀ ਅੱਖਾਂ ਬੰਦ ਕਰਦੇ ਹਨ ਅਤੇ ਕਹਿੰਦੇ ਹਨ ਸੱਤਵੇਂ ਪਾਤਾਲ ’ਤੇ ਪੱਤੇ ਉਪਰ ਡੱਡੂ ਬੈਠਾ ਹੈ, ਤੁਸੀਂ ਸਾਹਮਣੇ ਆ ਜਾਓ। ਹੁਣ ਵਾਰੀ ਸੀ ਗੁਰੂ ਨਾਨਕ ਦੇਵ ਜੀ ਦੀ, ਤਾਂ ਪੀਰ ਪਾਤਸ਼ਾਹ ਉਨ੍ਹਾਂ ਨੂੰ ਲੁਕਣ ਲਈ ਕਿਹਾ। ਗੁਰੂ ਨਾਨਕ ਦੇਵ ਜੀ ਅੱਠਵੇਂ ਪਾਤਾਲ ਵਿੱਚ ਜਾ ਕੇ ਬੈਠ ਜਾਂਦੇ ਹਨ।
ਪੀਰ ਪਾਤਸ਼ਾਹ ਨੇ ਬਹੁਤ ਲੱਭਿਆ ਪਰ ਗੁਰੂ ਨਾਨਕ ਦੇਵ ਜੀ ਨਹੀਂ ਮਿਲੇ ਕਿਉਂਕਿ ਉਹ ਸੱਤਵੇਂ ਪਾਤਾਲ ਤੋਂ ਅੱਗੇ ਨਹੀਂ ਦੇਖ ਸਕਦੇ ਸੀ, ਫਿਰ ਪੀਰ ਪਾਤਸ਼ਾਹ ਨੇ ਬਹੁਤ ਲੱਭਣ ਤੋ ਬਾਅਦ ਗੁਰੂ ਨਾਨਕ ਦੇਵ ਜੀ ਨੂੰ ਵਾਪਸ ਆਉਣ ਲਈ ਕਿਹਾ ਤੇ ਗੁਰੂ ਜੀ ਦੇ ਆਉਂਦੇ ਹੀ ਗੁਰੂ ਦੇ ਚਰਨਾਂ ਵਿੱਚ ਡਿੱਗ ਗਏ। ਗੁਰੂ ਨਾਨਕ ਦੇਵ ਜੀ ਨੇ ਆਪਣੇ ਕੌਤਕ ਨਾਲ ਸਮੁੱਚੀ ਲੋਕਾਈ ਨੂੰ ਸਿੱਖਿਆ ਦਿੱਤੀ ਕਿ ਜਿਸ ਨੇ ਜਿੰਨੀ ਪੜਾਈ ਕੀਤੀ ਹੋਵੇ, ਉਹ ਓਨਾ ਹੀ ਜਵਾਬ ਦੇ ਸਕਦਾ ਹੈ। ਹੋ ਸਕਦਾ ਸਾਹਮਣੇ ਵਾਲਾ ਬੰਦਾ ਸਹੀ ਕਹਿ ਰਿਹਾ ਹੋਵੇ ਤੇ ਦੂਜੇ ਨੂੰ ਇਸ ਗੱਲ ਦਾ ਗਿਆਨ ਹੀ ਨਾ ਹੋਵੇ।