ਕੈਨੇਡੀਅਨ ਸੂਬੇ ਓਨਟਾਰੀਓ ਵਿੱਚ ਇੱਕ ਟਰੱਕ ਡਰਾਈਵਰ ਨੇ ਇੱਕ ਮੁਸਲਿਮ ਪਰਿਵਾਰ ਦੇ 5 ਮੈਂਬਰਾਂ ਨੂੰ ਟੱਕਰ ਮਾਰ ਦਿੱਤੀ । ਇਸ ਘਟਨਾ ਵਿੱਚ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਮੈਂਬਰ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ।
ਦੋਸ਼ ਹੈ ਕਿ ਟਰੱਕ ਡਰਾਈਵਰ ਨੇ ਪਰਿਵਾਰ ਨੂੰ ਮੁਸਲਮਾਨ ਹੋਣ ਕਾਰਨ ਨਿਸ਼ਾਨਾ ਬਣਾਇਆ । ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ । ਪੁਲਿਸ ਨੇ ਦੱਸਿਆ ਕਿ ਸ਼ੱਕੀ ਨਾਥਾਨੀਲ ਵੇਲਟਮੈਨ (20) ਓਨਟਾਰੀਓ ਦੇ ਲੰਡਨ ਦਾ ਵਸਨੀਕ ਹੈ ਅਤੇ ਪੀੜਤਾਂ ਨੂੰ ਨਹੀਂ ਜਾਣਦਾ ਸੀ । ਉਸ ਖ਼ਿਲਾਫ਼ 4 ਲੋਕਾਂ ਦੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅੱਜ ਪੀਐੱਮ ਮੋਦੀ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਠਾਕਰੇ, ਇਸ ਵਿਸ਼ੇ ‘ਤੇ ਹੋਵੇਗੀ ਚਰਚਾ
ਪੁਲਿਸ ਅਨੁਸਾਰ ਇਹ ਘਟਨਾ ਐਤਵਾਰ ਸ਼ਾਮ ਨੂੰ ਵਾਪਰੀ ਹੈ । ਪੁਲਿਸ ਨੇ ਦੱਸਿਆ ਕਿ ਟਰੱਕ ਡਰਾਈਵਰ ਨੇ ਇੱਕ ਮੋੜ ‘ਤੇ ਪੀੜਤਾਂ ਨੂੰ ਰੌਂਦ ਦਿੱਤਾ । ਮਰਨ ਵਾਲਿਆਂ ਵਿੱਚ ਇੱਕ 74 ਸਾਲਾਂ ਮਹਿਲਾ, 46 ਸਾਲਾਂ ਵਿਅਕਤੀ, 44 ਸਾਲਾਂ ਮਹਿਲਾ ਅਤੇ 15 ਸਾਲ ਦੀ ਕੁੜੀ ਸ਼ਾਮਿਲ ਹੈ । ਇਸ ਟੱਕਰ ਵਿੱਚ ਇੱਕ 9 ਸਾਲਾਂ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ, ਦਾ ਇਲਾਜ ਚੱਲ ਰਿਹਾ ਹੈ । ਪੁਲਿਸ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਨੂੰ ਨੇੜਲੇ ਮਾਲ ਦੇ ਪਾਰਕਿੰਗ ਏਰੀਆ ਤੋਂ ਗ੍ਰਿਫਤਾਰ ਕੀਤਾ ਗਿਆ ।
ਪੁਲਿਸ ਮੁਖੀ ਸਟੀਫਨ ਵਿਲੀਅਮਜ਼ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਪੀੜਤਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਮੁਸਲਮਾਨ ਹਨ । ਜੇ ਕਿਸੇ ਵੀ ਭਾਈਚਾਰੇ ਨੂੰ ਨਫਰਤ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਭਾਈਚਾਰੇ, ਖ਼ਾਸਕਰ ਮੁਸਲਮਾਨਾਂ ਵਿੱਚ ਡਰ ਅਤੇ ਦਹਿਸ਼ਤ ਪੈਦਾ ਹੋ ਸਕਦੀ ਹੈ । ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ ।
ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਕਿਹਾ- ‘ਮੈਨੂੰ ਇਸ ਹਮਲੇ ਦਾ ਬੇਹੱਦ ਦੁੱਖ ਹੈ । ਐਤਵਾਰ ਦੀ ਘਟਨਾ ਜਿਨ੍ਹਾਂ ਲੋਕਾਂ ਨੇ ਆਪਣਿਆਂ ਨੂੰ ਗੁਆਇਆ ਹੈ, ਮੇਰੀ ਹਮਦਰਦੀ ਉਨ੍ਹਾਂ ਉਨ੍ਹਾਂ ਨਾਲ ਹੈ। ਅਸੀਂ ਤੁਹਾਡੇ ਨਾਲ ਹਾਂ।’
ਦੱਸ ਦੇਈਏ ਕਿ ਪੁਲਿਸ ਨੇ ਦੱਸਿਆ ਕਿ ਮੁਸਲਿਮ ਪਰਿਵਾਰ ਦੇ ਪੰਜ ਮੈਂਬਰ ਐਤਵਾਰ ਨੂੰ ਰਾਤ 8:40 ਵਜੇ ਸੜਕ ਕਿਨਾਰੇ ਕਿਤੇ ਪੈਦਲ ਜਾ ਰਹੇ ਸਨ। ਇਸ ਦੌਰਾਨ ਕਾਲੀ ਪਿਕ-ਅਪ ਟਰੱਕ ਤੇਜ਼ੀ ਨਾਲ ਆਇਆ ਅਤੇ ਉਨ੍ਹਾਂ ਨੂੰ ਕੁਚਲ ਦਿੱਤਾ । ਕੈਨੇਡੀਅਨ ਮੁਸਲਮਾਨਾਂ ਦੀ ਕੌਮੀ ਕੌਂਸਲ ਨੇ ਇੱਕ ਬਿਆਨ ਜਾਰੀ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦੀ ਮੰਗ ਕੀਤੀ ਹੈ।