ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਹੋਏ ਮਤਭੇਦ ਨੂੰ ਲੈ ਕੇ ਹਾਲਾਂਕਿ ਪਾਰਟੀ ਹਾਈਕਮਾਨ ਦੀ ਕਮੇਟੀ ਨੇ ਦਿੱਲੀ ਵਿੱਚ ਸੁਣਵਾਈ ਕੀਤੀ ਹੈ, ਪਰ ਇਹ ਰੁਕਣ ਦਾ ਨਾਮ ਨਹੀਂ ਲੈ ਰਹੀ। ਹਾਲਾਂਕਿ ਹਾਈਕਮਾਨ ਨੇ ਇਸ ਮਾਮਲੇ ਵਿਚ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ।
ਇਸ ਦੌਰਾਨ ਪਾਰਟੀ ’ਚ ਚੱਲ ਰਿਹਾ ਕਾਟੋ-ਕਲੇਸ਼ ਪੰਜਾਬ ਦੀਆਂ ਸੜਕਾਂ ’ਤੇ ਪਹੁੰਚ ਗਿਆ ਹੈ ਅਤੇ ਪੋਸਟਰ ਵਾਰ ਦੀ ਸ਼ੁਰੂਆਤ ਹੋ ਗਈ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਦੋ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਪ੍ਰਸਿੱਧ ਬਿਆਨ ‘ਕੌਣ ਕੈਪਟਨ’ ਦਾ ਜਵਾਬ ਹੁਣ ‘ਕੈਪਟਨ ਇੱਕ ਹੀ ਹੁੰਦਾ ਹੈ’ ਨਾਲ ਦਿੱਤਾ ਜਾ ਰਿਹਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਹੋਰਡਿੰਗਜ਼ ਅਤੇ ਬੈਨਰ ਸੂਬੇ ਦੀਆਂ ਵੱਖ-ਵੱਖ ਸੜਕਾਂ ’ਤੇ ਕਾਂਗਰਸੀ ਆਗੂ ਲਗਾ ਰਹੇ ਹਨ। ਉਨ੍ਹਾਂ ਵਿਚ ਲਿਖਿਆ ਜਾ ਰਿਹਾ ਹੈ, ‘ਕੈਪਟਨ ਏਕ ਹੀ ਹੋਤਾ ਹੈ’। ਸੂਬੇ ਦੀਆਂ ਸੜਕਾਂ ‘ਤੇ ਲੱਗੇ ਹੋਰਡਿੰਗਜ਼ ਕਿਤੇ ਨਾ ਕਿਤੇ ਪਾਰਟੀ ਹਾਈਕਮਾਨ ਨੂੰ ਸੰਕੇਤ ਦੇ ਰਹੇ ਹਨ ਕਿ ਜੇਕਰ ਇਸ ਸਮੇਂ ਸਹੀ ਫੈਸਲਾ ਨਾ ਲਿਆ ਗਿਆ ਤਾਂ ਉੱਚ ਪੱਧਰੀ ਆਗੂਆਂ ਦਰਮਿਆਨ ਚੱਲ ਰਹੀ ਲੜਾਈ ਜ਼ਿਲ੍ਹਾ ਪੱਧਰ’ ਤੇ ਪਹੁੰਚ ਸਕਦੀ ਹੈ।
ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਦਾ ਵਿਵਾਦ ਖਤਮ ਕਰਨ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਅਜੇ ਆਪਣੀ ਰਿਪੋਰਟ ਸੋਨੀਆ ਗਾਂਧੀ ਨੂੰ ਸੌਂਪੀ ਨਹੀਂ ਹੈ। ਹੁਣ ਇਸ ਤੋਂ ਪਹਿਲਾਂ ਇਹ ਸੰਕੇਤ ਮਿਲ ਰਹੇ ਹਨ ਕਿ ਕਾਂਗਰਸ ਹਾਈਕਮਾਨ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖਮੰਤਰੀ ਵਜੋਂ ਅਡਜਸਟ ਕਰਨਾ ਚਾਹੁੰਦੀ ਹੈ।
ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਦੇ ਸੰਕੇਤ ਨਾਲ ਕਾਂਗਰਸ ਵਿਚ ਖਲਬਲੀ ਹੈ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਦੇ ਸਮਰਥਕਾਂ ਨੇ ਸੂਬੇ ਦੀਆਂ ਸੜਕਾਂ ‘ਤੇ ਹੋਰਡਿੰਗਜ਼ ਅਤੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਹਰਿਆਣਾ ਦੀ ਸਾਬਕਾ ਸਿਹਤ ਮੰਤਰੀ ਦੀ ਬਲੈਕ ਫੰਗਸ ਨਾਲ ਮੌਤ, ਜਿਸ ਹਸਪਤਾਲ ਦਾ ਉਦਘਾਟਨ ਕੀਤਾ, ਉਥੇ ਲਿਆ ਆਖਰੀ ਸਾਹ
ਦੱਸ ਦੇਈਏ ਕਿ ਸਾਲ 2019 ਵਿੱਚ ਸਾਬਕਾ ਨਵਜੋਤ ਸਿੰਘ ਸਿੱਧੂ ਨੇ ਹੈਦਰਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ, ‘ਕੈਪਟਨ ਕੌਣ ਹੈ, ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਕੈਪਟਨ ਹੈ। ਮੇਰਾ ਕੈਪਟਨ ਰਾਹੁਲ ਗਾਂਧੀ ਹੈ। ਹੁਣ ਉਸੇ ਥੀਮ ‘ਤੇ ਪੰਜਾਬ ਦੀਆਂ ਗਲੀਆਂ ਵਿਚ ਹੋਰਡਿੰਗ ਲਗਾਏ ਜਾ ਰਹੇ ਹਨ ਕਿ ’ਕੈਪਟਨ ਇੱਕ ਹੀ ਹੁੰਦਾ ਹੈ।’