ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਲੈ ਤੇ ਗੈਂਗਵਾਰ ਤੱਕ ਪਤਾ ਨਹੀਂ ਕਿਸ ਦਲ-ਦਲ ਵਿੱਚ ਰੁਲਦੀ ਜਾ ਰਹੀ ਹੈ। ਸੁੱਖਾ ਕਾਹਲੋਂ, ਵਿੱਕੀ ਗੌਂਡਰ ਵਰਗੇ ਅਜਿਹੇ ਕੁੱਝ ਨਾਮ ਨੇ ਜੋ ਇਸ ਦੁਨੀਆ ਵਿੱਚ ਤਾਂ ਨਹੀਂ ਪਰ ਉਨ੍ਹਾਂ ਵੱਲੋਂ ਕੀਤੇ ਜੁਰਮਾਂ ਦੀ ਫਿਹਰਿਸਤ ਜੇ ਗਿਣਨ ਬੈਠੀਏ ਤਾਂ ਸੋਚਾਂ ਵਿੱਚ ਪੈ ਜਾਵਾਂਗੇ ਕਿ ਚੰਗੇ-ਭਲੇ ਘਰਾਂ ਦੇ ਇਹ ਨੌਜਵਾਨ ਗੱਭਰੂ ਅਜਿਹੇ ਖਤਰਨਾਕ ਰਾਹ ਕਿਵੇਂ ਪੈ ਗਏ।
ਇਨ੍ਹਾਂ ਗੈਂਗਸਟਰਾਂ ਵਿੱਚੋਂ ਇੱਕ ਸੀ ਜੈਪਾਲ ਭੁੱਲਰ ਜਿਸ ਦਾ ਬੀਤੇ ਦਿਨ ਕਲਕੱਤਾ ਵਿੱਚ ਐਨਕਾਊਂਟਰ ਕਰ ਦਿੱਤਾ ਗਿਆ। ਬੁੱਧਵਾਰ ਨੂੰ ਕੋਲਕਾਤਾ ਵਿੱਚ ਸਪੈਸ਼ਲ ਟਾਸਕ ਫੋਰਸ ਨੇ ਜੈਪਾਲ ਭੁੱਲਰ ਅਤੇ ਉਸਦੇ ਸਾਥੀ ਜਸਪ੍ਰੀਤ ਜੱਸੀ ਨੂੰ ਐਨਕਾਊਂਟਰ ਵਿੱਚ ਢੇਰ ਕੀਤਾ ਹੈ। ਕੌਣ ਸੀ ਜੈਪਾਲ ਭੁੱਲਰ ? ਸਭ ਦੇ ਮਨਾਂ ਵਿੱਚ ਹੁਣ ਇਹ ਸਵਾਲ ਵੀ ਉੱਠਦਾ ਹੋਵੇਗਾ ਤਾਂ ਆਉ ਅਸੀਂ ਤੁਹਾਨੂੰ ਦੱਸਦੇ ਹਾਂ ਜੈਪਾਲ ਭੁੱਲਰ ਕੌਣ ਸੀ ਅਤੇ ਕਿੰਝ ਉਹ ਇਸ ਜੁਰਮ ਦੀ ਦੁਨੀਆ ਵਿੱਚ ਆਇਆ। ਗੈਂਗਸਟਰ ਜੈਪਾਲ ਭੁੱਲਰ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਨੇ ਪੰਜਾਬ ਵਿੱਚ ਗੈਂਗਵਾਰ ਦੇ ਰੁਝਾਨ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ। ਪੰਜਾਬ ਦੀ ਜਵਾਨੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਨੌਜਵਾਨ ਗੈਂਗਸਟਰਾਂ ਤੋਂ ਇਲਾਵਾ ਨਸ਼ਿਆਂ ਦੀ ਦਲਦਲ ਵਿੱਚ ਧਸ ਕੇ ਦਮ ਤੋੜ ਚੁੱਕੇ ਹਨ ਜਾਂ ਫਿਰ ਫਸੇ ਹੋਏ ਹਨ।
ਦਰਅਸਲ ਗੈਂਗਸਟਰ ਜੈਪਾਲ ਭੁੱਲਰ ਦਾ ਅਸਲੀ ਨਾਲ ਮਨਜੀਤ ਸਿੰਘ ਹੈ। ਜੈਪਾਲ ਭੁੱਲਰ ਫਿਰੋਜ਼ਪੁਰ ਦਾ ਰਹਿਣਵਾਲਾ ਸੀ। ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁਲੱਰ ਪੁਲਿਸ ਇੰਸਪੈਕਟਰ ਰਹੇ ਹਨ। ਜੈਪਾਲ ਇੱਕ ਚੰਗਾ ਖਿਡਾਰੀ ਵੀ ਰਿਹਾ ਸੀ। ਜੈਪਾਲ ਪਹਿਲਾ ਇੱਕ ਖਿਡਾਰੀ ਤੋਂ ਨਸ਼ਾ ਤਸਕਰ ਬਣਿਆ ਅਤੇ ਫਿਰ ਗੈਂਗਸਟਰ । ਗੈਂਗਸਟਰ ਜੈਪਾਲ ਸਾਲ 2003 ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਹੈਮਰ ਥ੍ਰੋਅ ਦੀ ਪ੍ਰੈਕਟਿਸ ਕਰਦਾ ਸੀ। ਉਹ ਪੰਜਾਬ ਦਾ ਇੱਕ ਚੰਗਾ ਹੈਮਰ ਥ੍ਰੋਅਰ ਸੀ ਅਤੇ ਜਲੰਧਰ ਵਿੱਚ ਵੀ ਅਭਿਆਸ ਕਰਦਾ ਰਿਹਾ ਸੀ। ਗੈਂਗਸਟਰ ਜੈਪਾਲ ਭੁੱਲਰ ਹੈਮਰ ਥਰੋ ਦਾ ਨੈਸ਼ਨਲ ਲੈਵਲ ਦਾ ਖਿਡਾਰੀ ਵੀ ਰਿਹਾ ਸੀ।
ਜੈਪਾਲ ਤੇ ਸ਼ੇਰਾ ਦੀ ਦੋਸਤੀ ਸਕੂਲ ਦੇ ਦਿਨਾਂ ਤੋਂ ਸੀ। ਜਾਣਕਾਰੀ ਅਨੁਸਾਰ ਜੈਪਾਲ ਤੇ ਸ਼ੇਰਾ ਦੋਵੇਂ ਇਕੱਠੇ ਵੀ ਰਹਿੰਦੇ ਸਨ ‘ਤੇ ਇਕੱਠੇ ਹੀ ਜਿੰਮ ਜਾਂਦੇ ਸਨ। ਜੈਪਾਲ ਨੇ 2003 ਤੋਂ ਜੁਰਮ ਦੀ ਦੁਨੀਆ ਵਿੱਚ ਪੈਰ ਧਰਨਾ ਸ਼ੁਰੂ ਕਰ ਦਿੱਤਾ ਸੀ, ਪਰ ਜਦੋ ਇਸ ਦੀ ਜਾਣਕਾਰੀ ਜੈਪਾਲ ਦੇ ਪਿਤਾ ਨੂੰ ਲੱਗੀ ਤਾਂ ਉਹ ਉਸ ਨੂੰ ਆਪਣੇ ਨਾਲ ਲੁਧਿਆਣਾ ਲੈ ਗਏ। ਇਸ ਤੋਂ ਬਾਅਦ ਫਿਰ ਜੈਪਾਲ ‘ਤੇ ਸਭ ਤੋਂ ਪਹਿਲਾ ਮਾਮਲਾ ਲੁਧਿਆਣਾ ਵਿੱਚ ਹੀ ਕਬਜ਼ੇ ਦੇ ਕੇਸ ਤਹਿਤ ਦਰਜ ਹੋਇਆ ਸੀ। ਇਸ ਤੋਂ ਬਾਅਦ ਫਿਰ ਜੈਪਾਲ ਅਪਰਾਧ ਦੀ ਦੁਨੀਆ ਵਿੱਚ ਇੱਕ ਅਪਰਾਧੀ ਦੇ ਤੌਰ ‘ਤੇ ਮਸ਼ਹੂਰ ਹੋਣ ਲੱਗਾ।
ਫਿਰ ਇਸ ਤੋਂ ਬਾਅਦ ਜੈਪਾਲ ਲੁਧਿਆਣਾ, ਚੰਡੀਗੜ੍ਹ ਤੇ ਬਠਿੰਡਾ ਦੀਆਂ ਜੇਲ੍ਹਾਂ ਵਿੱਚ ਗਿਆ। ਜੈਪਾਲ ਨੇ ਸ਼ੇਰਾ ਤੇ ਵਿੱਕੀ ਗੌਂਡਰ ਨਾਲ ਮਿਲ ਕੇ ਕਈ ਅਪਰਾਧਾਂ ਨੂੰ ਅੰਜਾਮ ਦਿੱਤਾ। ਮੁਹਾਲੀ, ਪੰਚਕੂਲਾ ‘ਚ ਬੈਂਕ ਡਕੈਤੀ ਕੀਤੀ। 21 ਜਨਵਰੀ 2015 ਨੂੰ ਗੈਂਗਸਟਰ ਸੁੱਖਾ ਕਾਹਲਵਾਂ ਦੀ ਹੱਤਿਆ ਕੀਤੀ। 30 ਅਪ੍ਰੈਲ 2016 ਨੂੰ ਚੰਡੀਗੜ੍ਹ ਹਾਈ-ਵੇਅ ‘ਤੇ ਇੱਕ ਫਾਰਚੂਨਰ ਗੱਡੀ ‘ਚ ਬੈਠੇ ਗੈਂਗਸਟਰ ਰੌਕੀ ‘ਤੇ ਗੋਲੀਆਂ ਚਲਾਈਆਂ ਅਤੇ ਫਿਰ ਗੈਂਗਸਟਰ ਰੌਕੀ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ। ਇਸ ਨੂੰ ਸ਼ੇਰੇ ਖੁੱਭਣ ਦੀ ਮੌਤ ਦਾ ਬਦਲਾ ਕਰਾਰ ਦਿੰਦਿਆਂ ਇਸਦੀ ਜਿੰਮੇਵਾਰੀ ਫੇਸਬੁੱਕ ‘ਤੇ ਲਈ।
ਇਹ ਵੀ ਪੜ੍ਹੋ : ਆਨਲਾਈਨ ਰਜਿਸਟ੍ਰੇਸ਼ਨ ਕਰਵਾਏ ਬਿਨਾਂ ਵੀ ਵੈਕਸੀਨ ਸੈਂਟਰ ਆਉਣ ਵਾਲੇ ਹਰ ਵਿਅਕਤੀ ਨੂੰ ਲੱਗੇ ਕੋਰੋਨਾ ਟੀਕਾ : ਰਾਹੁਲ ਗਾਂਧੀ
2018 ‘ਚ ਵਿੱਕੀ ਗੌਂਡਰ ਤੇ ਪ੍ਰੇਮਾ ਲਹੌਰੀਆ ਦੀ ਮੌਤ ਤੋਂ ਬਾਅਦ ਜੈਪਾਲ ਨੇ ਗੈਂਗ ਦੀ ਕਮਾਨ ਸਾਂਭੀ ਸੀ। ਜੈਪਾਲ ‘ਤੇ ਹੱਤਿਆ ਡਕੈਤੀ ਅਤੇ ਲੁੱਟ ਦੇ 50 ਤੋਂ ਵੱਧ ਕੇਸ ਦਰਜ ਹੋਏ ਹਨ। ਜੈਪਾਲ ‘ਤੇ ਫਿਰੋਜ਼ਪੁਰ ਦਾ ਦੋਹਰਾ ਕਤਲ ਕਾਂਡ, ਤਰਨਤਾਰਨ, ਲੁਧਿਆਣਾ ‘ਚ ਦੋ ਕਤਲ ਕਰਨ ਦਾ ਮਾਮਲਾ ਵੀ ਹੈ। ਇਸ ਤੋਂ ਇਲਾਵਾ ਜੈਪਾਲ ‘ਤੇ ਲੁਧਿਆਣਾ ਦੇ ਇੱਕ ਵਪਾਰੀ ਦੇ ਘਰ 60 ਲੱਖ ਦੀ ਲੁੱਟ, ਰਾਜਸਥਾਨ ਦੇ ਕਿਸ਼ਨਗੜ੍ਹ ‘ਚ 2 ਕਰੋੜ ਦੇ ਤਾਂਬੇ ਦਾ ਟਰੱਕ ਲੁੱਟਣ ਦਾ ਕੇਸ ਅਤੇ ਲੁਧਿਆਣਾ ਦਾ ਚਿਰਾਗ ਕਿਡਨੈਪ ਕੇਸ ਤੇ ਏਅਰਟੈੱਲ ਦੇ ਸ਼ੋਅਰੌਮ ‘ਚ ਡਕੈਤੀ ਦਾ ਮਾਮਲਾ ਵੀ ਹੈ। ਪਰ 15 ਮਈ 2021 ਨੂੰ ਜਗਰਾਓਂ ‘ਚ 2 ਪੁਲਿਸ ਅਧਿਕਾਰੀਆਂ ਦੇ ਕਤਲ ਦਾ ਮਾਮਲਾ ਜੈਪਾਲ ਦੀ ਜ਼ਿੰਦਗੀ ਦਾ ਆਖਰੀ ਅਪਰਾਧ ਸਾਬਿਤ ਹੋਇਆ ਹੈ।
ਇਹ ਵੀ ਦੇਖੋ : Jaipal Bhullar ਦੇ Encounter ਪਿੱਛੋਂ ਪਿਓ ਦੇ ਨਹੀਂ ਰੁੱਕ ਰਹੇ ਹੰਝੂ, ਭੁੱਬਾਂ ਮਾਰ ਰੋਂਦਾ ਪਰਿਵਾਰ