ਐਨਕਾਊਂਟਰ ਵਿਚ ਮਾਰੇ ਗਏ ਬਦਨਾਮ ਗੈਂਗਸਟਰ ਜੈਪਾਲ ਭੁੱਲਰ ਦੇ ਸਾਥੀ ਭਰਤ ਕੁਮਾਰ ਨੂੰ ਵੀਰਵਾਰ ਨੂੰ ਮੋਹਾਲੀ ਦੀ ਏਸੀਜੇ ਅਦਾਲਤ ਵਿਚ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (OCCU) ਨੇ ਪੇਸ਼ ਕੀਤਾ। ਅਦਾਲਤ ਨੇ ਭਰਤ ਕੁਮਾਰ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਦੂਜੇ ਪਾਸੇ ਪੰਜਾਬ ਪੁਲਿਸ ਦੇ ਦੋ ਏਐਸਆਈਜ਼, ਜਿਨ੍ਹਾਂ ਨੂੰ ਜੈਪਾਲ ਅਤੇ ਉਸਦੇ ਸਾਥੀਆਂ ਨੇ ਡੇਢ ਮਹੀਨਾ ਪਹਿਲਾਂ ਮਾਰ ਦਿੱਤਾ ਸੀ, ਵਿੱਚੋਂ ਇਕ ਦੀ ਬਜ਼ੁਰਗ ਮਾਂ ਨੇ ਵੀ ਮੁਠਭੇੜ ‘ਤੇ ਆਪਣੀ ਪ੍ਰਤੀਕ੍ਰਿਆ ਜ਼ਾਹਰ ਕੀਤੀ ਹੈ। ਮਰਹੂਮ ਭਗਵਾਨ ਸਿੰਘ ਦੀ ਮਾਤਾ ਤੇਜ ਕੌਰ ਦਾ ਕਹਿਣਾ ਹੈ ਕਿ ਜੇਕਰ ਸਰਕਾਰਾਂ ਨਸ਼ਿਆਂ ਦੀ ਵਿਕਰੀ ਨੂੰ ਬੰਦ ਕਰ ਦੇਣ ਤਾਂ ਗੈਂਗਸਟਰ ਪੈਦਾ ਨਹੀਂ ਹੋਣਗੇ।
ਦੱਸ ਦੇਈਏ ਕਿ ਲਗਭਗ ਡੇਢ ਮਹੀਨੇ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਵਿੱਚ ਬਦਮਾਸ਼ਾਂ ਨੇ ਪੰਜਾਬ ਪੁਲਿਸ ਦੇ ਸੀਆਈਏ ਵਿੱਚ ਏਐਸਆਈ ਰੈਂਕ ਦੇ ਦੋ ਕਰਮਚਾਰੀਆਂ ਨੂੰ ਕਤਲ ਕਰ ਕਰ ਦਿੱਤਾ ਸੀ। ਪੁਲਿਸ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਇੱਕ ਮੁਲਜ਼ਮ ਭਰਤ ਕੁਮਾਰ ਦੀ ਨਿਸ਼ਾਨਦੇਹੀ ’ਤੇ ਪੱਛਮੀ ਬੰਗਾਲ ਪਹੁੰਚ ਗਈ। ਉਥੇ ਹੀ ਬੁੱਧਵਾਰ ਨੂੰ ਜ਼ਿਲਾ ਬੀਰਭੂਮ ਦੇ ਸ਼ਾਪੁਰਜੀ ਅਪਾਰਟਮੈਂਟ ਵਿਚ ਬਦਨਾਮ ਗੈਂਗਸਟਰ ਅਤੇ ਤਸਕਰ ਜੈਪਾਲ ਭੁੱਲਰ ਤੋਂ ਇਲਾਵਾ ਉਸਦੇ ਸਾਥੀ ਜਸਪ੍ਰੀਤ ਜੱਸੀ ਉਰਫ ਜੱਸੀ ਖਰੜ ਦਾ ਐਨਕਾਊਂਟਰ ਕਰ ਦਿੱਤਾ।
ਸ਼ਹੀਦ ਪੁਲਿਸ ਮੁਲਾਜ਼ਮ ਭਗਵਾਨ ਸਿੰਘ ਦੀ ਮਾਂ ਤੇਜ ਕੌਰ ਦਾ ਕਹਿਣਾ ਹੈ ਕਿ ਜੈਪਾਲ ਤੇ ਉਸ ਦੇ ਸਾਥੀ ਦੇ ਐਨਕਾਊਂਟਰ ਵਿੱਚ ਮਾਰੇ ਜਾਣ ਦੀ ਉਨ੍ਹਾਂ ਨੂੰ ਕੋਈ ਖੁਸ਼ੀ ਨਹੀਂ ਹੈ। ਉਨ੍ਹਾਂ ਨੇ ਡਿਊਟੀ ਕਰਦੇ ਸਮੇਂ ਸਾਡੇ ਬੱਚਿਆਂ ਨੂੰ ਪਿੱਛਿਓਂ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਦੀ ਮੌਤ ਤੋਂ ਬਾਅਦ ਦੁਖੀ ਹਾਂ, ਉਸੇ ਤਰ੍ਹਾਂ ਉਨ੍ਹਾਂ ਦੇ ਮਾਪੇ ਵੀ ਉਦਾਸ ਹੋਣਗੇ। ਸਾਡੀ ਉਨ੍ਹਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ।
ਇਹ ਵੀ ਪੜ੍ਹੋ : ਪੰਜਾਬ ਨੇ PGI ‘ਚ ਟੌਪ ‘ਤੇ ਰਹਿਣ ‘ਤੇ ਘੇਰ ਲਈ ਦਿੱਲੀ ਸਰਕਾਰ, ਸਿੱਖਿਆ ਮੰਤਰੀ ਨੇ ਦੇ ਦਿੱਤੀ ‘ਸਿੱਖਿਆ’
ਮਾਤਾ ਤੇਜ ਕੌਰ ਨੇ ਕਿਹਾ ਕਿ ਜੇਕਰ ਸਰਕਾਰਾਂ ਸ਼ੁਰੂ ਤੋਂ ਹੀ ਸੂਬੇ ਵਿੱਚ ਨਸ਼ਿਆਂ ਨੂੰ ਰੋਕਦੀਆਂ ਅਤੇ ਅਪਰਾਧੀਆਂ ਨੂੰ ਦਬਾ ਦਿੰਦੀਆਂ ਤਾਂ ਕੋਈ ਗੈਂਗਸਟਰ ਪੈਦਾ ਨਹੀਂ ਹੋ ਸਕਦਾ। ਸਰਕਾਰ ਦੇ ਨਾਲ-ਨਾਲ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜਦੋਂ ਬੱਚਾ ਨਸ਼ਿਆਂ ਵੱਲ ਮੁੜਦਾ ਹੈ ਜਾਂ ਕਿਸੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੁੰਦਾ ਹੈ, ਤਾਂ ਉਸ ਨੂੰ ਉਸੇ ਸਮੇਂ ਰੋਕਿਆ ਜਾਣਾ ਚਾਹੀਦਾ ਹੈ ਤਾਂ ਜੋ ਆਪਣੇ ਮਾਪਿਆਂ ਦਾ ਦਿਲ ਨਾ ਦੁਖਾਉਣ।