ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ । ਜਿਸ ਦੇ ਮੱਦੇਨਜ਼ਰ ਕੁਝ ਸਿਆਸਤਦਾਨਾਂ ਵੱਲੋਂ ਇਸ ਤੋਂ ਬਚਣ ਲਈ ਵੱਖ-ਵੱਖ ਸੁਝਾਅ ਦਿੱਤੇ ਜਾ ਰਹੇ ਹਨ । ਇਸੇ ਵਿਚਾਲੇ ਹੁਣ ਰਾਜਸਥਾਨ ਸਰਕਾਰ ਦੇ ਇੱਕ ਮੰਤਰੀ ਵੱਲੋਂ ਬੇਤੁੱਕਾ ਬਿਆਨ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦਾ ਨਾਮ ਵੀ ਇਨ੍ਹਾਂ ਨੇਤਾਵਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਿਆ ਹੈ ।

ਦਰਅਸਲ, ਰਾਜਸਥਾਨ ਸਰਕਾਰ ਦੇ ਊਰਜਾ ਅਤੇ ਪਾਣੀ ਮੰਤਰੀ ਬੀ.ਡੀ.ਕੱਲਾ ਵੱਲੋਂ ਕੋਰੋਨਾ ਨੂੰ ਰੋਕਣ ਲਈ ਟੀਕਾਕਰਨ ਬਾਰੇ ਆਪਣਾ ਸੁਝਾਅ ਦਿੱਤਾ ਗਿਆ ਹੈ । ਇਸਦੇ ਨਾਲ ਹੀ ਬੀਡੀ ਕੱਲਾ ਵੱਲੋਂ ਕੋਰੋਨਾ ਖਿਲਾਫ਼ ਕੇਂਦਰ ਦੀ ਟੀਕਾਕਰਨ ਮੁਹਿੰਮ ‘ਤੇ ਸਵਾਲ ਚੁੱਕੇ ਗਏ ਹਨ ।
ਕੱਲਾ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਹੈ ਕਿ ਵੈਕਸੀਨ ਦੀ ਸਭ ਤੋਂ ਵੱਧ ਜ਼ਰੂਰਤ ਬਜ਼ੁਰਗਾਂ ਤੋਂ ਵੱਧ ਬੱਚਿਆਂ ਨੂੰ ਹੁੰਦੀ ਹੈ। ਇੰਨਾ ਹੀ ਨਹੀਂ ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਬਜ਼ੁਰਗ ਤਾਂ ਬੋਨਸ ਵਿੱਚ ਜੀਅ ਰਹੇ ਹਨ, ਜੇ ਉਹ ਮਰ ਵੀ ਜਾਣ ਤਾਂ ਕੋਈ ਗੱਲ ਨਹੀਂ।

ਇਸ ਤੋਂ ਇਲਾਵਾ ਕੱਲਾ ਨੇ ਕੇਂਦਰ ਦੀ ਟੀਕਾਕਰਨ ਮੁਹਿੰਮ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵੈਕਸੀਨ ਸਭ ਤੋਂ ਪਹਿਲਾਂ ਬੱਚਿਆਂ ਨੂੰ ਲਗਾਈ ਜਾਣੀ ਚਾਹੀਦੀ ਸੀ, ਪਰ ਬੱਚੇ ਹਾਲੇ ਵੈਕਸੀਨ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸਭ ਤੋਂ ਪਹਿਲਾਂ ਬਜ਼ੁਰਗਾਂ ਨੂੰ ਵੈਕਸੀਨ ਲਗਵਾ ਦਿੱਤੀ, ਜੋ ਕਿ ਇੱਕ ਗਲਤ ਨੀਤੀ ਹੈ।
ਕੱਲਾ ਨੇ ਕਿਹਾ ਕਿ ਸਰਕਾਰ ਰਾਜਾਂ ਨੂੰ ਟੀਕਾ ਉਪਲੱਬਧ ਨਹੀਂ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਆਪਣੀ ਵਾਹੋ-ਵਾਹੀ ਲਈ ਵੈਕਸੀਨ ਵੱਖ-ਵੱਖ ਦੇਸ਼ਾਂ ਨੂੰ ਭੇਜੀ ਗਈ, ਜਦਕਿ ਇਸ ਸਮੇਂ ਦੇਸ਼ ਨੂੰ ਵੈਕਸੀਨ ਦੀ ਸਭ ਤੋਂ ਵੱਧ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਰਾਜ ਸਰਕਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੀ ਹੈ।
ਇਹ ਵੀ ਦੇਖੋ: Akali Dal-BSP Alliance: ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, Akali Dal ਤੇ BSP ਦਾ ਹੋਇਆ ਗਠਜੋੜ






















