ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਖਰੜ ਦੇ ਪਰਿਵਾਰਕ ਮੈਂਬਰ ਅੱਜ ਦੋਹਾਂ ਦੀਆਂ ਮ੍ਰਿਤਕ ਦੇਹਾਂ ਲੈ ਕੇ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੇ, ਜਿਸ ਤੋਂ ਬਾਅਦ ਡੈੱਡ ਬਾਡੀਜ਼ ਨੂੰ ਉਨ੍ਹਾਂ ਦੇ ਘਰ ਵੱਲ ਰਵਾਨਾ ਕੀਤਾ ਗਿਆ।
ਅੱਜ ਜੱਸੀ ਖਰੜ ਦੀ ਭੈਣ ਅਤੇ ਜੈਪਾਲ ਭੁੱਲਰ ਦੇ ਪਿਤਾ ਦੋਵੇਂ ਲਾਸ਼ਾਂ ਨਾਲ ਕੋਲਕਾਤਾ ਤੋਂ ਮੁਹਾਲੀ ਪਹੁੰਚੇ ਹਨ। ਇੱਕ ਐਂਬੂਲੈਂਸ ਨੂੰ ਮ੍ਰਿਤਕ ਜੈਪਾਲ ਭੁੱਲਰ ਦੇ ਸ਼ਹਿਰ ਫਿਰੋਜ਼ਪੁਰ ਵੱਲ ਰਵਾਨਾ ਕੀਤਾ ਗਿਆ, ਜਦਕਿ ਦੂਜੀ ਵਿੱਚ ਜਸਪ੍ਰੀਤ ਜੱਸੀ ਦੀ ਮ੍ਰਿਤਕ ਦੇਹ ਨੂੰ ਖਰੜ ਵੱਲ ਭੇਜਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਜਸਪ੍ਰੀਤ ਖਰੜ ਦਾ ਅੰਤਿਮ ਸੰਸਕਾਰ ਅੱਜ ਹੀ ਹੋਵੇਗਾ।
ਦੱਸ ਦੇਈਏ ਕਿ ਜਸਪ੍ਰੀਤ ਜੱਸੀ ਦੀ ਪਤਨੀ ਲਵਪ੍ਰੀਤ ਕੌਰ, ਜੋਕਿ ਪੁਲਿਸ ਹਿਰਾਸਤ ਵਿੱਚ ਹੈ, ਨੇ ਆਪਣੇ ਪਤੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਮੋਹਾਲੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਸੀ।
ਜਗਰਾਓਂ ਵਿੱਚ ਦੋ ਏਐਸਆਈਜ਼ ਦਾ ਕਤਲ ਕਰਨ ਵਾਲੇ ਇਨ੍ਹਾਂ ਦੋਹਾਂ ਗੈਂਗਸਟਰਾਂ ਦਾ ਬੀਤੇ ਦਿਨੀਂ ਕੋਲਕਾਤਾ ਵਿੱਚ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਸੀ। ਦੱਸ ਦੇਈਏ ਕਿ ਦੋਵਾਂ ਗੈਂਗਸਟਰਾਂ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਪੁਲਿਸ ਦੀ ਕਾਰਵਾਈ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੋਵਾਂ ਨੂੰ ਜਿਊਂਦਾ ਵੀ ਫੜਿਆ ਜਾ ਸਕਦਾ ਸੀ। ਪੁਲਿਸ ਅੱਗੇ ਵੀ ਤਾਂ ਗੈਂਗਸਟਰਾਂ ਨੂੰ ਫੜਦੀ ਹੈ।
ਇਹ ਵੀ ਪੜ੍ਹੋ : 100 ਫ਼ੀਸਦੀ ਵੈਕਸੀਨੇਸ਼ਨ ਕਰਵਾਉਣ ਵਾਲਾ ਲੁਧਿਆਣੇ ਦਾ ਪਿੰਡ ਭੀਖੀ ਖੱਟੜਾ ਬਣਿਆ ਪੰਜਾਬ ਦਾ ਪਹਿਲਾ ਪਿੰਡ
ਤੁਹਾਨੂੰ ਦੱਸ ਦੇਈਏ ਕਿ ਜਸਪ੍ਰੀਤ ਜੱਸੀ ਦੇ ਪਰਿਵਾਰ ਵਿੱਚ ਉਸ ਦੀ ਮਾਂ ਤੇ ਭੈਣ ਹਨ। ਉਸ ਦੀ ਪਤਨੀ ਨੂੰ ਪੁਲਿਸ ਨੇ 15 ਮਈ ਤੋਂ ਗ੍ਰਿਫਤਾਰ ਕੀਤਾ ਹੋਇਆ ਹੈ। ਉਥੇ ਹੀ ਜੈਪਾਲ ਭੁੱਲਰ ਦੇ ਪਿਤਾ ਖੁਦ ਪੰਜਾਬ ਪੁਲਿਸ ‘ਚ ਰਹਿ ਚੁੱਕੇ ਹਨ। ਦੋਹਾਂ ਦੇ ਪਰਿਵਾਰਕ ਮੈੰਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।