ਉਤਰਾਖੰਡ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕਾਂਗਰਸ ਦੀ ਸੀਨੀਅਰ ਨੇਤਾ ਇੰਦਰਾ ਹਿਰਦੇਸ਼ ਦਾ ਅੱਜ ਦਿਹਾਂਤ ਹੋ ਗਿਆ । ਉਹ ਦਿੱਲੀ ਵਿਖੇ ਕਾਂਗਰਸ ਦੀ ਇੱਕ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਗਈ ਸੀ।
ਇਸ ਤੋਂ ਬਾਅਦ ਅੱਜ ਸਵੇਰੇ ਹੀ ਉਨ੍ਹਾਂ ਦੀ ਸਿਹਤ ਵਿਗੜ ਗਈ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਰਾਜ ਦੇ ਸਾਬਕਾ ਸੀਐਮ ਤ੍ਰਿਵੇਂਦਰ ਸਿੰਘ ਰਾਵਤ ਨੇ ਟਵੀਟ ਕਰਕੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ।
ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਹੁਣੇ ਹੀ ਸੀਨੀਅਰ ਕਾਂਗਰਸੀ ਆਗੂ ਡਾ: ਇੰਦਰਾ ਹਿਰਦੇਸ਼ ਜੀ ਦੇ ਦਿਹਾਂਤ ਦੀ ਦੁਖਦਾਈ ਖ਼ਬਰ ਮਿਲੀ ਹੈ, ਜਿਸ ਨਾਲ ਮਨ ਬਹੁਤ ਉਦਾਸ ਹੈ । ਇੰਦਰਾ ਜੀ ਨੇ ਆਪਣੇ ਲੰਮੇ ਰਾਜਨੀਤਿਕ ਜੀਵਨ ਵਿੱਚ ਬਹੁਤ ਸਾਰੇ ਅਹੁਦਿਆਂ ਨੂੰ ਸੰਭਾਲਿਆ ਅਤੇ ਵਿਧਾਨ ਸਭਾ ਦੇ ਕੰਮਾਂ ਵਿੱਚ ਮਾਹਿਰਤਾ ਹਾਸਿਲ ਕੀਤੀ। ਇੰਦਰਾ ਜੀ ਦਾ ਗੁਜ਼ਰਨਾ ਮੇਰੇ ਲਈ ਇੱਕ ਨਿੱਜੀ ਘਾਟਾ ਹੈ।
ਦਰਅਸਲ, ਉਤਰਾਖੰਡ ਕਾਂਗਰਸ ਦੇ ਮੀਤ ਪ੍ਰਧਾਨ ਸੂਰਿਆਕਾਂਤ ਧਸਮਾਨ ਨੇ ਵੀ ਇੰਦਰਾ ਹਿਰਦੇਸ਼ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦਿੱਲੀ ਦੇ ਉਤਰਾਖੰਡ ਸਦਨ ਵਿੱਚ ਉਨ੍ਹਾਂ ਨੂੰ ਹਾਰਟ ਅਟੈਕ ਹੋ ਗਿਆ ਸੀ। ਇੰਦਰਾ ਜੀ ਦੀ ਮੌਤ ਨਾਲ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ।
ਰਾਜ ਦੀ ਰਾਜਨੀਤੀ ਵਿੱਚ ਹਮੇਸ਼ਾਂ ਹੀ ਉਨ੍ਹਾਂ ਦਾ ਇੱਕ ਮਹੱਤਵਪੂਰਣ ਯੋਗਦਾਨ ਰਿਹਾ ਹੈ। ਇੰਦਰਾ ਹਿਰਦੇਸ਼ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਤੋਂ ਹੀ ਇੱਕ ਅਜਿਹੀ ਨੇਤਾ ਵਜੋਂ ਜਾਣੀ ਜਾਂਦੀ ਰਹੀ ਹੈ ਜਿਸਨੂੰ ਆਪਣੀ ਪਾਰਟੀ ਦੇ ਨਾਲ-ਨਾਲ ਵਿਰੋਧੀ ਪਾਰਟੀ ਤੋਂ ਵੀ ਬਹੁਤ ਸਤਿਕਾਰ ਮਿਲਿਆ।
ਦੱਸ ਦੇਈਏ ਕਿ ਇੰਦਰਾ ਦਾ ਜਨਮ 7 ਅਪ੍ਰੈਲ 1941 ਨੂੰ ਅਯੁੱਧਿਆ ਵਿੱਚ ਹੋਇਆ ਸੀ। ਜੇਕਰ ਇੱਥੇ ਉਨ੍ਹਾਂ ਦੇ ਆਪਣੇ ਰਾਜਨੀਤਿਕ ਜੀਵਨ ਦੀ ਗੱਲ ਕੀਤੀ ਜਾਵੇ ਤਾਂ1974 ਵਿੱਚ ਉਹ ਪਹਿਲੀ ਵਾਰ ਵਿਧਾਨ ਸਭਾ ਲਈ ਚੁਣੀ ਗਈ । ਉਸ ਸਮੇਂ ਉਹ ਅਣਵੰਡੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਮੈਂਬਰ ਚੁਣੀ ਗਈ ਸੀ । ਇਸ ਤੋਂ ਬਾਅਦ ਉਹ 1986, 1992 ਅਤੇ 1998 ਵਿੱਚ ਮੁੜ ਵਿਧਾਨ ਸਭਾ ਲਈ ਚੁਣੀ ਗਈ ਸੀ ।