US ਬਾਰਡਰ ਪ੍ਰੋਟੇਕਸ਼ਨ ਏਜੰਟਾਂ ਵੱਲੋਂ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੁੰਦਿਆਂ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਕੋਕੀਨ ਲਿਜਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਪੰਜਾਬੀ ਡਰਾਈਵਰ ਦੀ ਪਛਾਣ ਗੁਰਪਾਲ ਸਿੰਘ ਗਿੱਲ ਦੇ ਰੂਪ ਵਿੱਚ ਹੋਈ ਸੀ।
ਦਰਅਸਲ, ਗੁਰਪਾਲ ਟਰੱਕ ਵਿੱਚ ਕੇਲਿਆਂ ਦੇ ਡੱਬਿਆਂ ਵਿੱਚ ਲਗਭਗ 211 ਪੌਂਡ ਯਾਨੀ ਕਿ 96 ਕਿਲੋ ਕੌਕੀਨ ਲੈ ਕੇ ਅਮਰੀਕਾ ਦੇ ਸੂਬੇ ਕੈਲੀਫੋਰਨੀਆਂ ਤੋਂ ਕੈਲਗਰੀ ਲੈ ਕੇ ਜਾ ਰਿਹਾ ਸੀ ।
ਟਰੱਕ ਵਿੱਚ ਕੋਕੀਨ ਲਿਜਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਡਰਾਈਵਰ ਨੇ ਉਥੋਂ ਦੀ ਸਥਾਨਕ ਅਦਾਲਤ ਵਿੱਚ ਅਪਣਾ ਦੋਸ਼ ਕਬੂਲ ਕਰ ਲਿਆ ਹੈ। ਇਸ ਮਾਮਲੇ ਵਿੱਚ ਅਦਾਲਤ ਵੱਲੋਂ ਉਸਨੂੰ 5 ਸਾਲ ਤੋਂ 40 ਸਾਲ ਤੱਕ ਦੀ ਸਜ਼ਾ ਤੇ 5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ 39 ਸਾਲਾਂ ਗੁਰਪਾਲ ਸਿੰਘ ਕੈਲਗਰੀ ਦਾ ਵਾਸੀ ਹੈ, ਜੋ ਕਿ ਉੱਥੇ ਇੱਕ ਡਰਾਈਵਰ ਹੈ। ਦੱਸ ਦੇਈਏ ਕਿ ਅਮਰੀਕਾ ਦੇ ਸੂਬੇ ਮੋਨਟਾਨਾ ਦੀ ਪੋਰਟ ਆਫ ਐਂਟਰੀ ਵਿਖੇ ਅਮਰੀਕੀ ਅਧਿਕਾਰੀਆਂ ਵੱਲੋਂ ਕੈਨੇਡਾ ਵਿੱਚ ਦਾਖਲ ਹੋਣ ‘ਤੇ ਇਸ ਟਰੱਕ ਦੀ ਜਾਂਚ ਪੜਤਾਲ ਕੀਤੀ ਗਈ। ਇਸ ਦੌਰਾਨ ਅਧਿਕਾਰੀਆਂ ਨੇ ਟਰੱਕ ਵਿੱਚੋਂ ਕੁਝ ਸ਼ੱਕੀ ਡੱਬੇ ਬਰਾਮਦ ਕੀਤੇ ਸਨ, ਜਿਨ੍ਹਾਂ ਵਿੱਚੋਂ ਕੋਕੀਨ ਬਰਾਮਦ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਗੁਰਪਾਲ ਸਿੰਘ ਨੂੰ 30 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।