ਬਠਿੰਡਾ : ਅਕਸਰ ਸਮਾਜ ਵਿੱਚ ਇਕੱਲੀਆਂ ਰਹਿਣ ਵਾਲੀਆਂ ਔਰਤਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਉਹ ਜਿਊਣ ਦਾ ਹੌਂਸਲਾ ਹੀ ਗੁਆ ਬੈਠਦੀਆਂ ਹਨ। ਪਰ ਬਠਿੰਡਾ ਦੇ ਬੰਗੀ ਨਗਰ ਵਿੱਚ ਰਹਿਣ ਵਾਲੀ ਔਰਤ ਇੰਦਰ ਕੌਰ ਅਜਿਹੀਆਂ ਸਾਰੀਆਂ ਔਰਤਾਂ ਲਈ ਹਿੰਮਤ ਦੀ ਮਿਸਾਲ ਹੈ, ਜਿਸ ਦੇ ਪਰਿਵਾਰ ਵਿੱਚ ਸਿਵਾਏ ਇੱਕ ਮਾਂ ਦੇ ਹੋਰ ਕੋਈ ਨਹੀਂ ਹੈ। ਪਰ ਉਹ ਮਰਦਾਂ ਵਾਲਾ ਭੇਸ ਬਣਾ ਕੇ ਆਪਣੀ ਮਾਂ ਲਈ ਅਤੇ ਆਪਣੇ ਲਈ ਆਟੋ ਚਲਾ ਕੇ ਮਿਹਨਤ ਮਿਹਨਤ ਕਰ ਰਹੀ ਹੈ।
ਇੰਦਰ ਕੌਰ ਕੁੜਤਾ ਪਜ਼ਾਮਾ ਅਤੇ ਪੱਗ ਬੰਨ੍ਹ ਕੇ ਆਟੋ ਰਿਕਸ਼ਾ ਚਲਾਉਂਦੀ ਹੈ। ਉਸ ਨੇ ਦੱਸਿਆ ਕਿ ਉਸ ਦੇ 4 ਬੱਚੇ ਹੋਏ ਪਰ ਤਿੰਨਾਂ ਦੀ ਮੌਤ ਹੋ ਚੁੱਕੀ ਹੈ ਪਰ ਇਕ ਧੀ ਬਚੀ ਹੈ, ਜਿਸ ਦਾ ਵਿਆਹ ਕਰ ਦਿੱਤਾ ਗਿਆ ਹੈ। ਪਤੀ ਦੇ ਨਾਲ ਲੜਾਈ ਝਗੜੇ ਰਹਿਣ ਦੇ ਕਾਰਨ ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ। ਉਸ ਦੇ ਬਾਅਦ ਹੀ ਉਹ ਆਪਣੀ ਮਾਂ ਦੇ ਨਾਲ ਇਕੱਲੀ ਰਹਿੰਦੀ ਹੈ। ਉਸ ਦੀ ਬੁੱਢੀ ਮਾਂ ਬੀਮਾਰ ਹੈ ਉਸ ਦੇ ਇਲਾਜ ਲਈ ਉਸ ਨੂੰ ਪੈਸੇ ਚਾਹੀਦੇ ਹਨ।
ਮਾਂ ਦੇ ਇਲਾਜ ਅਤੇ ਘਰ ਦਾ ਗੁਜ਼ਾਰਾ ਚਲਾਉਣ ਲਈ ਉਸ ਨੇ ਕਈ ਤਰ੍ਹਾਂ ਦੇ ਕੰਮ ਕੀਤੇ, ਜਿਸ ਵਿੱਚ ਉਸ ਨੇ ਇੱਟਾਂ ਦੇ ਭੱਠੇ ’ਤੇ ਮਜ਼ਦੂਰੀ ਕੀਤੀ, ਗੰਨੇ ਦੇ ਜੂਸ ਦੀ ਰੇਹੜੀ ਲਗਾਈ, ਜਿਸ ’ਚ ਹੱਥ ਆਉਣ ਕਾਰਨ ਉਸ ਦੀ ਇੱਕ ਉਂਗਲ ਕੱਟੀ ਗਈ। ਉਸ ਤੋਂ ਬਾਅਦ ਉਸ ਨੇ ਕਿਸ਼ਤਾਂ ’ਤੇ ਆਟੋ ਖ਼ਰੀਦਿਆ ਸੀ ਪਰ ਲੌਕਡਾਊਨ ਕਾਰਨ ਉਹ ਆਟੋ ਰਿਕਸ਼ਾ ਦੀ ਕਿਸ਼ਤ ਨਹੀਂ ਭਰ ਸਕੀ ਅਤੇ ਉਸ ਨੂੰ ਕੰਪਨੀ ਵਾਲੇ ਲੈ ਗਏ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, ਪੁਲਿਸ ਦੀ ਵਰਦੀ ‘ਚ ਦਿੱਤਾ 30 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ
ਜਿਸ ਤੋਂ ਬਾਅਦ ਉਸ ਨੇ ਕਿਸੇ ਜਾਣਕਾਰ ਤੋਂ ਆਟੋ-ਰਿਕਸ਼ਾ ‘ਤੇ ਲਿਆ। ਪਰ ਔਰਤ ਹੋਣ ਕਰਕੇ ਕੋਈ ਵੀ ਉਸ ਦੇ ਆਟੋ ਵਿੱਚ ਨਹੀਂ ਬੈਠਦਾ ਸੀ। ਕਿਉਂਕਿ ਅਕਸਰ ਔਰਤਾਂ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ ਤੇ ਨਾ ਹੀ ਉਹ ਇਹ ਕੰਮ ਕਰਦੀਆਂ ਹਨ। ਲੋਕਾਂ ਦੇ ਇਸ ਰਵੱਈਏ ਕਰਕੇ ਉਸ ਨੇ ਮਰਦਾਂ ਵਾਲਾ ਭੇਸ ਬਣਾਉਣ ਦਾ ਫੈਸਲਾ ਕੀਤਾ , ਜਿਸ ਤੋਂ ਬਾਅਦ ਉਹ ਕੁੜਤਾ-ਪਜ਼ਾਮਾ ਪਹਿਨਣ ਅਤੇ ਪੱਗ ਬੰਨ੍ਹਣ ਲੱਗੀ ਤਾਂ ਜੋ ਉਸ ਨੂੰ ਇਸ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ।