ਗੁਰੂ ਸਾਹਿਬ ਦਾ ਇੱਕ ਬਹੁਤ ਹੀ ਅਨਿੰਨ ਸਿੱਖ ਭਾਈ ਜੋਗਾ ਸਿੰਘ ਸੀ। ਭਾਈ ਜੋਗਾ ਕਲਗੀਧਰ ਪਾਤਸ਼ਾਹ ਕੋਲ ਰਹਿੰਦਾ ਸੀ। ਸਮਾਂ ਬੀਤਦਾ ਗਿਆ, ਉਧਰ ਪਰਿਵਾਰ ਨੇ ਭਾਈ ਜੋਗੇ ਦੀ ਮੰਗਣੀ ਕਰ ਦਿੱਤੀ। ਇਧਰ ਜੋਗਾ ਅੰਮ੍ਰਿਤ ਛਕ ਕੇ ਜੋਗਾ ਸਿੰਘ ਬਣ, ਸੰਗਤ ਅਤੇ ਸਤਿਗੁਰਾਂ ਦੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਲੱਗ ਪਿਆ। ਪਰਿਵਾਰ ਨੇ ਜੋਗਾ ਸਿੰਘ ਦੇ ਅਨੰਦ ਕਾਰਜ ਦਾ ਦਿਨ ਨੀਯਤ ਕਰਕੇ, ਸਤਿਗੁਰਾਂ ਦੇ ਚਰਨਾਂ ਵਿੱਚ ਆ ਬੇਨਤੀ ਕੀਤੀ, ਦਾਤਾ ਜੀ! ਜੋਗਾ ਸਿੰਘ ਨੂੰ ਸਾਡੇ ਨਾਲ ਭੇਜ ਦਿਉ ਤਾਂ ਜੋ ਇਸ ਦਾ ਅਨੰਦ ਕਾਰਜ ਕਰ ਦੇਈਏ ਅਤੇ ਇਹ ਆਪਣਾ ਗ੍ਰਹਿਸਥੀ ਜੀਵਨ ਅਰੰਭ ਕਰ ਸਕੇ। ਸਤਿਗੁਰਾਂ ਨੇ ਪਰਿਵਾਰ ਦੀ ਬੇਨਤੀ ਮੰਨ ਕੇ ਜੋਗਾ ਸਿੰਘ ਨੂੰ ਪਰਿਵਾਰ ਦੇ ਨਾਲ ਜਾਣ ਦੀ ਆਗਿਆ ਦੇ ਦਿੱਤੀ। ਸਾਰਾ ਪਰਿਵਾਰ ਬੜੇ ਚਾਵਾਂ ਨਾਲ ਮੰਜ਼ਲਾਂ ਮਾਰਦਾ ਆਪਣੇ ਘਰ ਪੁੱਜਾ।
ਨੀਯਤ ਕੀਤੇ ਦਿਨ ਉੱਤੇ ਜੋਗਾ ਸਿੰਘ ਦੇ ਅਨੰਦ ਕਾਰਜ ਦੀ ਤਿਆਰੀ ਹੋ ਗਈ। ਸਤਿਗੁਰੂ ਜੀ ਨੇ ਪੱਤ੍ਰਿਕਾ ਲਿਖ ਕੇ ਇੱਕ ਸਿੱਖ ਦੇ ਹੱਥ ਦੇ ਕੇ ਉਸ ਨੂੰ ਪਿਸ਼ਾਵਰ ਭੇਜ ਦਿੱਤਾ ਅਤੇ ਤਾਕੀਦ ਕੀਤੀ, ਕਿ ਇਹ ਚਿੱਠੀ ਭਾਈ ਜੋਗਾ ਸਿੰਘ ਨੂੰ ਉਸ ਵੇਲੇ ਦੇ ਦੇਵੀਂ ਜਦੋਂ ਦੋ ਲਾਵਾਂ ਸੰਪੂਰਨ ਹੋ ਜਾਣ। ਜੋਗਾ ਸਿੰਘ ਦੀ ਬਾਰਾਤ ਚੜ੍ਹੀ, ਜਲਪਾਣੀ ਛਕਣ ਉਪ੍ਰੰਤ ਅਨੰਦ ਕਾਰਜ ਦੀ ਰਸਮ ਅਰੰਭ ਹੋਈ। ਜਿਸ ਵੇਲੇ ਦੋ ਲਾਵਾਂ ਦੀ ਸੰਪੂਰਨਤਾ ਹੋਈ, ਸਤਿਗੁਰਾਂ ਦੇ ਭੇਜੇ ਹੋਏ ਸਿੱਖ ਨੇ ਭਾਈ ਜੋਗਾ ਸਿੰਘ ਅੱਗੇ ਪੱਤ੍ਰਿਕਾ ਲਿਆ ਰੱਖੀ ਅਤੇ ਕਿਹਾ ਕਿ ਇਹ ਪੱਤ੍ਰਿਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇਰੇ ਵਾਸਤੇ ਭੇਜੀ ਹੈ।
ਭਾਈ ਜੋਗਾ ਸਿੰਘ ਨੇ ਪੱਤ੍ਰਿਕਾ ਮੱਥੇ ਨੂੰ ਲਾਈ, ਨਮਸਕਾਰ ਕਰਕੇ ਖੋਲ੍ਹੀ ਅਤੇ ਪੜ੍ਹੀ। ਪੱਤ੍ਰਿਕਾ ਵਿੱਚ ਸਤਿਗੁਰੂ ਜੀ ਨੇ ਲਿਖਿਆ ਸੀ, ਜੋਗਾ ਸਿੰਘ! ਅਸੀਂ ਇਹ ਪੱਤ੍ਰਿਕਾ ਦੇ ਕੇ ਸਿੱਖ ਨੂੰ ਭੇਜ ਰਹੇ ਹਾਂ, ਜਦੋਂ ਤੂੰ ਇਹ ਪੱਤ੍ਰਿਕਾ ਪੜ੍ਹੇਂ, ਉਸ ਸਮੇਂ ਜਿਹੜਾ ਵੀ ਤੂੰ ਕਾਰਜ ਕਰਦਾ ਹੋਵੇਂ ਉਸ ਨੂੰ ਵਿੱਚੇ ਛੱਡ ਕੇ ਛੇਤੀ ਅਨੰਦਪੁਰ ਸਾਹਿਬ ਸਾਡੇ ਪਾਸ ਪਹੁੰਚ ਜਾਵੀਂ, ਤੇਰੇ ਉੱਪਰ ਗੁਰੂ ਦੀ ਖੁਸ਼ੀ ਹੋਵੇਗੀ। ਜੋਗਾ ਸਿੰਘ ਨੇ ਪੱਤ੍ਰਿਕਾ ਪੜ੍ਹੀ ਅਤੇ ਅਨੰਦ ਕਾਰਜ ਦਾ ਕੰਮ ਅਧੂਰਾ ਛੱਡ ਕੇ ਉਸੇ ਸਮੇਂ ਆਨੰਦਪੁਰ ਸਾਹਿਬ ਨੂੰ ਤੁਰ ਪਿਆ। ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਰੋਕਣ ਉੱਤੇ ਵੀ ਜੋਗਾ ਸਿੰਘ ਨੇ ਗੁਰੂ ਹੁਕਮ ਨੂੰ ਪਹਿਲ ਦਿੱਤੀ।
ਇਹ ਵੀ ਪੜ੍ਹੋ : ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਨੂੰ ਸਮਰਪਿਤ ਲਾਹੌਰ ਗੁਰਦੁਆਰਾ ਡੇਰਾ ਸਾਹਿਬ