parambans singh romana: ਲੁਧਿਆਣਾ, 19 ਜੂਨ : ਯੂਥ ਅਕਾਲੀ ਦਲ ਅਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਨੇ ਕੱਲ੍ਹ ਪੰਜਾਬ ਮੰਤਰੀ ਮੰਡਲ ਵੱਲੋਂ ਕਾਂਗਰਸੀ ਵਿਧਾਇਕਾਂ ਫਤਿਹ ਜੰਗ ਬਾਜਵਾ ਤੇ ਰਾਕੇਸ਼ ਪਾਂਡੇ ਦੇ ਪੁੁੱਤਰਾਂ ਨੂੰ ਨੌਕਰੀਆਂ ਦੇਣ ਦੇ ਗੈਰ ਸੰਵਿਧਾਨਕ ਤੇ ਗੈਰ ਕਾਨੂੰਨੀ ਫੈਸਲੇ ਵਿਰੁੱਧ ਅੱਜ ਪੰਜਾਬ ਵਿਚ ਵੱਖ ਵੱਖ ਥਾਈਂ ਵਿਲੱਖਣ ਰੋਸ ਮੁਜ਼ਾਹਰੇ ਕੀਤੇ ਤੇ ਐਲਾਨ ਕੀਤਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਨੌਕਰੀਆਂ ਮੰਗ ਰਹੇ ਨੌਜਵਾਨਾਂ ਨੂੰ ਇਨਸਾਫ ਮਿਲਣਾ ਯਕੀਨੀ ਬਣਾਇਆ ਜਾਵੇਗਾ। ਇਹਨਾਂ ਰੋਸ ਪ੍ਰਦਰਸ਼ਨਾਂ ਦੌਰਾਨ ਯੂਥ ਅਕਾਲੀ ਦਲ ਤੇ ਐਸ ਓ ਆਈ ਦੇ ਕਾਰਕੁੰਨਾਂ ਨੇ ਲੋਕਾਂ ਨੂੰ ਲੱਡੂ ਵੰਡੇ ਤੇ ਕਿਹਾ ਕਿ ਉਹ ਇਸ ਵਿਲੱਖਣ ਢੰਗ ਨਾਲ ਰੋਸ ਮੁਜ਼ਾਹਰੇ ਇਸ ਲਈ ਕਰ ਰਹੇ ਹਨ ਤਾਂ ਜੋ ਕੈਪਟਨ ਸਰਕਾਰ ਗੂੜੀ ਨੀਂਦ ਵਿਚੋਂ ਜਾਗ ਸਕੇ।
ਰੋਸ ਪ੍ਰਦਰਸ਼ਤਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਘਰ ਘਰ ਨੌਕਰੀ ਪੂਰੀ ਕਰਨ ਦੇ ਵਾਅਦੇ ਦੀ ਥਾਂ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕੀਤਾ ਤੇ ਉਹਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਤੇ ਸਕੀਮ ਨੁੰ ਘਰ ਘਰ ਨੌਕਰੀ ਦੀ ਥਾਂ ਅਪਨੇ ਘਰ ਨੌਕਰੀ ਵਿਚ ਬਦਲ ਲਿਆ ਹੈ ਆਪਦੇ ਵਿਧਾਇਕਾਂ ਦੇ ਪੁੱਤਰਾਂ ਨੁੰ ਤਰਸ ਦੇ ਆਧਾਰ ’ਤੇ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਤਰੀਕੇ ਨਾਲ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਰੋਮਾਣਾ ਨੇ ਕਿਹਾ ਕਿ ਅਜਿਹਾ ਦੇਸ਼ ਵਿਚ ਪਹਿਲੀ ਵਾਰ ਹੋਇਆ ਹੈ ਕਿ ਸੱਤਾ ’ਤੇ ਬਿਰਾਜਮਾਨ ਇਕ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਦੇ ਲਈ ਵਿਧਾਇਕਾਂ ਨੂੰ ਇਸ ਤਰੀਕੇ ਰਿਸ਼ਵਤ ਦੇ ਰਿਹਾ ਹੈ। ਉਹਨਾਂ ਕਿਹਾ ਕਿ ਇਸ ਭ੍ਰਿਸ਼ਟਾਚਾਰ ਨੂੰ ਉਸਦੇ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ ਤੇ ਇਸ ’ਤੇ ਮੋਹਰ ਲਗਾਈ ਹੈ ਜੋ ਵੱਡਾ ਗੁਨਾਹ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਇਸ ਕਾਰਵਾਈ ਨੇ ਤਲਵੰਡੀ ਸਾਬੋ ਵਿਖੇ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਬਦਾਂ ’ਤੇ ਵਿਸ਼ਵਾਸ ਕਰ ਬੈਠੇ ਉਹਨਾਂ ਲੱਖਾਂ ਨੌਜਵਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ ਜੋ ਪਿਛਲੇ ਸਾਢੇ ਚਾਰ ਸਾਲਾਂ ਤੋਂ ਨੌਕਰੀਆਂ ਮੰਗ ਰਹੇ ਹਨ। ਉਹਨਾਂ ਕਿਹਾ ਕਿ ਹੁਣ ਹਜ਼ਾਰਾਂ ਠੇਕੇ ’ਤੇ ਕੰਮ ਕਰਦੇ ਮੁਲਾਜ਼ਮ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ ਤੇ ਲੱਖਾਂ ਨੌਜਵਾਨ ਮੁੱਖ ਮੰਤਰੀ ਤੋਂ ਕੀਤੇ ਵਾਅਦੇ ਅਨੁਸਾਰ ਨੌਕਰੀਆਂ ਦੇਣ ਦੀ ਮੰਗ ਕਰਦਿਆਂ ਧਰਨੇ ਦੇ ਰਹੇ ਹਨ।
ਯੂਥ ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਬੇਰੋਜ਼ਗਾਰ ਈ ਟੀ ਟੀ ਅਧਿਆਪਕਾਂ, ਟੀ ਈ ਟੀ ਅਧਿਆਪਕਾਂ ਤੇ ਹੋਰਨਾਂ ਦੇ ਨਾਲ ਨਾਲ ਸਰਕਾਰ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਪੂਰਾ ਕਰਨ ਵਿਚ ਬੁੁਰੀ ਤਰ੍ਹਾਂ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਰਕਾਰ ਵੱਲੋਂ ਕਰਜ਼ਾ ਮੁਆਫ ਨਾ ਕਰਨ ’ਤੇ ਹੁਣ ਤੱਕ 000 ਤੋਂ ਜ਼ਿਆਦਾ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ ਪਰ ਸਰਕਾਰ ਨੇ ਹਾਲੇ ਤੱਕ ਇਕ ਵੀ ਕਿਸਾਨ ਦੇ ਪਰਿਵਾਰ ਨੂੰ ਨੌਕਰੀ ਨਹੀਂ ਦਿੱਤੀ। ਉਹਨਾਂ ਕਿਾ ਕਿ ਦਿੱਲੀ ਦੇ ਬਾਰਡਰਾਂ ’ਤੇ ਸ਼ਹੀਦ ਹੋਏ 500 ਕਿਸਾਨਾਂ ਦੇ ਪਰਿਵਾਰ ਵੀ ਸਰਕਾਰ ਤੋਂ ਮਦਦ ਦੀ ਉਡੀਕ ਕਰ ਰਹੇ ਹਨ ਪਰ ਹਾਲੇ ਤੱਕ ਕਿਸੇ ਨੇ ਵੀ ਨੌਕਰੀ ਦੀ ਚਿੱਠੀ ਲੈ ਕੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ। ਉਹਨਾਂ ਕਿਹਾ ਕਿ ਇਸ ਅਣਮਨੁੱਖੀ ਹਿਰਦੇ ਵਾਲੀ ਸਰਕਾਰ ਨੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦੀ ਗੱਲ ਸੁਣਨ ਤੋਂ ਹੀ ਨਾਂਹ ਕਰ ਦਿੱਤੀ ਹੈ ਜਦੋਂ ਕਿ ਬਾਦਲ ਸਰਕਾਰ ਵੇਲੇ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦੇ ਆਗੂਆਂ ਨੂੰ ਸੱਦ ਕੇ ਗੱਲਬਾਤ ਰਾਹੀਂ ਉਹਨਾਂ ਦੇ ਮਸਲੇ ਹੱਲ ਕਰਨ ਦਾ ਯਤਨ ਕਰਦੇ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਓ ਆਈ ਦੇ ਪ੍ਰਧਾਨ ਰੋਬਿਨ ਬਰਾੜ, ਭੀਮ ਵੜੈਚ, ਸਿਮਰਨਜੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਮੰਨਾ, ਗੁਰਪ੍ਰੀਤ ਸਿੰਘ ਬੱਬਲ, ਪ੍ਰਭਜੋਤ ਸਿੰਘ ਧਾਲੀਵਾਲ, ਭੁਪਿੰਦਰ ਸੰਘ ਭਿੰਦਾ, ਜਸਦੀਪ ਸਿੰਘ ਕਾਉਂਕੇ, ਸਤਨਾਮ ਕੈਲੇ, ਕੁਲਵਿੰਦਰ ਸਿੰਘ ਕਿੰਦਾ, ਰਖਵਿੰਦਰ ਗਾਬੜੀਆ, ਬਲਜੀਤ ਸਿੰਘ ਛਤਵਾਲ, ਗੁਰਪ੍ਰੀਤ ਸਿੰਘ ਬੇਦੀ, ਜੱਗੀ ਦੋਰਾਹਾ, ਜਤਿੰਦਰ ਸੰਘ ਖਾਲਸਾ, ਲਵ ਦ੍ਰਾਵਿੜ, ਹਰਪ੍ਰੀਤ ਸਿੰਘ ਡੰਗ, ਨੂਰਜੋਤ ਸਿੰਘ ਮੱਕੜ, ਸਿਮਰਨਜੀਤ ਸਿੰਘ ਹਨੀ, ਕਰਨ ਵੜੈਚ, ਕਰਨ ਕੌਰਾਂ, ਕੰਵਲਜੀਤ ਸਿੰਘ, ਗੁਰਮੇਲ ਸਿੰਘ ਜੱਜੀ, ਸਿਮਰਨ ਓਬਰਾਰਏ, ਪਰਮਜੀਤ ਪੰਮਾ, ਗੁਰਜੀਤ ਸਿੰਘ, ਮੋਨੂੰ ਸੰਧੂ, ਅਰਵਿੰਦਰ ਸਿੰਘ ਰਿੰਕੂ ਤੇ ਸਤਬੀਰ ਢੀਂਡਸਾ ਵੀ ਮੌਜੂਦ ਸਨ।