ਪਟਿਆਲਾ ਵਿੱਚ ਇੱਕ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਤਸਵੀਰ ਸਾਹਮਣੇ ਆਈ, ਜਿਥੇ ਇੱਕ ਐਂਬੂਲੈਂਸ ਦਾ ਕਿਰਾਇਆ ਭਰਨ ਵਿੱਚ ਅਸਮਰੱਥ ਇੱਕ ਮਜ਼ਦੂਰ ਡਿਲਵਰੀ ਤੋਂ ਬਾਅਦ ਆਪਣੀ ਪਤਨੀ ਅਤੇ ਨਵਜੰਮੇ ਬੱਚੇ ਨੂੰ ਰੇਹੜੀ ‘ਤੇ ਲੈ ਕੇ ਘਰ ਪਹੁੰਚਿਆ।
ਮਿਲੀ ਜਾਣਕਾਰੀ ਮੁਤਾਬਕ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਗਾਇਨੀ ਵਾਰਡ ਵਿੱਚ ਔਰਤ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ ਸੀ। ਡਾਕਟਰਾਂ ਨੇ ਜੱਚਾ-ਬੱਚਾ ਨੂੰ ਛੁੱਟੀ ਦੇ ਦਿੱਤੀ। ਪਰ ਮਜ਼ਦੂਰ ਕੋਲ ਦੋਹਾਂ ਨੂੰ ਘਰ ਲਿਆਉਣ ਲਈ ਕੋਈ ਵਾਹਨ ਨਹੀਂ ਸੀ। ਉਸ ਨੇ ਐਂਬੂਲੈਂਸ ਦਾ ਕਿਰਾਇਆ ਪੁੱਛਿਆ ਪਰ ਉਹ ਕਾਫੀ ਪੈਸੇ ਮੰਗ ਰਹੇ ਸਨ ਤੇ ਮਜ਼ਦੂਰ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਐਂਬੂਲੈਂਸ ਦਾ ਕਿਰਾਇਆ ਭਰ ਸਕਦਾ। ਹਾਲਾਂਕਿ ਉਸ ਨੇ ਹਸਪਤਾਲ ਵਿੱਚ ਵੀ ਐਂਬੂਲੈਂਸ ਬਾਰੇ ਪਤਾ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ।
ਹਾਲਾਤ ਤੋਂ ਹਾਰ ਕੇ ਉਸ ਨੇ ਇੱਕ ਰਿਕਸ਼ਾ ਰੇਹੜੀ ਦਾ ਇੰਤਜ਼ਾਮ ਕੀਤਾ ਅਤੇ ਇਸ ਵਿੱਚ ਬਿਠਾ ਕੇ ਮਾਂ ਤੇ ਬੱਚੇ ਨੂੰ ਘਰ ਲੈ ਕੇ ਆਇਆ। ਹਾਲਾਂਕਿ ਕੜਾਕੇ ਦੀ ਪੈ ਰਹੀ ਗਰਮੀ ਵਿੱਚ ਨਵਜੰਮੇ ਬੱਚੇ ਨੂੰ ਧੁੱਪ ਵਿੱਚ ਬੱਚੇ ਨੂੰ ਲਿਆਉਣ ‘ਤੇ ਉਸ ਨੂੰ ਡਰ ਵੀ ਲੱਗ ਰਿਹਾ ਸੀ ਪਰ ਉਹ ਮਜਬੂਰ ਸੀ।
ਇਹ ਵੀ ਪੜ੍ਹੋ : ਜਲੰਧਰ ‘ਚ Green Fungus ਦੀ ਦਸਤਕ, ਮਿਲਿਆ ਪਹਿਲਾ ਮਾਮਲਾ
ਜਦੋਂ ਇਸ ਬਾਰੇ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨਾਲ ਗੱਲ ਕੀਤੀ ਗਈ ਤਾਂ ਇਸ ਵਿੱਚ ਹਸਪਤਾਲ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ। ਸਿਰਫ ਗੰਭੀਰ ਹਾਲਤ ਵਿੱਚ ਕਿਸੇ ਹੋਰ ਹਸਪਤਾਲ ਵਿੱਚ ਰੈਫਰ ਕਰਨ ਲਈ ਹੀ ਐਂਬੂਲੈਂਸ ਦਿੱਤੀ ਜਾਂਦੀ ਹੈ। ਛੁੱਟੀ ਦੇਣ ਤੋਂ ਬਾਅਦ ਜੱਚਾ-ਬੱਚਾ ਨੂੰ ਘਰ ਲਿਜਾਣ ਦੀ ਜ਼ਿੰਮੇਵਾਰੀ ਪਰਿਵਾਰ ਦੀ ਹੀ ਹੁੰਦੀ ਹੈ।