ਚੰਡੀਗੜ੍ਹ : ਪ੍ਰੋਫੈਸਰ ਆਫ ਸਿੱਖਿਜ਼ਮ ਵਜੋਂ ਜਾਣੇ ਜਾਂਦੇ ਡਾ. ਜੋਧ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਸਿੱਖ ਜਗਤ ਦੀ ਮਹਾਨ ਸ਼ਖਸੀਅਤ ਸਨ।ਡਾ. ਜੋਧ ਸਿੰਘ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਰਹੇ ਅਤੇ ਸਿੱਖ ਵਿਸ਼ਵਕੋਸ਼ ਦੇ ਮੁੱਖ ਸੰਪਾਦਕ ਸਨ।
ਉਨ੍ਹਾਂ ਨੇ 79 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਉਹ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਦੇ ਵਿਕਾਸ ਲਈ ਭਾਰਤੀ ਪੰਜਾਬੀ ਕਾਨਫਰੰਸ ਦੇ ਕਨਵੀਨਰ ਰਹੇ। ਡਾ. ਜੋਧ ਸਿੰਘ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਸਿੱਖ ਸਿਧਾਂਤ ਚਿੰਤਨ ਨਾਲ ਜੁੜੀਆਂ ਕਈ ਸੰਸਥਾਵਾਂ ਦੇ ਮੈਂਬਰ ਵੀ ਰਹੇ।
ਇਹ ਵੀ ਪੜ੍ਹੋ : ਜਲੰਧਰ : JE ਤੇ ਆਟੋ ਵਾਲੇ ਦੀ ਲੜਾਈ ਵਿੱਚ ਫਸ ਗਏ ਪੁਲਿਸ ਵਾਲੇ, ਕੱਟੀ ਗਈ ਥਾਣੇ ਦੀ ਬਿਜਲੀ, ਪੜ੍ਹੋ ਪੂਰਾ ਮਾਮਲਾ
ਗੁਰਦਾਸਪੁਰ ਜ਼ਿਲ੍ਹੇ ਦੇ ਸੰਗਤਪੁਰ ਵਿੱਚ ਪੈਦਾ ਹੋਏ ਡਾ. ਜੋਧ ਸਿੰਘ ਨੇ ਦਰਸ਼ਨ ਸ਼ਾਸਤਰ ਅਤੇ ਅੰਗਰੇਜ਼ੀ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੋਈ ਸੀ। ਉਨ੍ਹਾਂ ਨੇ ਗੁਰੂ ਨਾਨਕ ਜੀ ਦੀ ਵਿਚਾਰਧਾਰਾ ‘ਸਿੱਧ ਗੋਸ਼ਟੀ ‘ਤੇ ਵਾਰਾਣਸੀ ਦੀ ਯੂਨੀਵਰਸਿਟੀ ਦੇ ਦਰਸ਼ਨ ਵਿਭਾਗ ਤੋਂ ਪੀ.ਐਚ.ਡੀ. ਕੀਤੀ ਹੋਈ ਸੀ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵਿਚ ਬਤੌਰ ਪ੍ਰੋਫੈਸਰ ਸੇਵਾ ਨਿਭਾਈ ਅਤੇ ਸਿੱਖ ਚਿੰਤਨ ਦਰਸ਼ਨ ਤੇ ਗੁਰਬਾਣੀ ਤੇ ਬਹੁਤ ਕੰਮ ਕੀਤਾ। ਡਾ. ਜੋਧ ਸਿੰਘ ਨੇ ਵਾਰਾਂ ਭਾਈ ਗੁਰਦਾਸ ਦਾ ਅੰਗਰੇਜ਼ੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਵਿੱਚ ਅਨੁਵਾਦ ਕੀਤਾ।