ਮਾਨਸਾ : ਕੈਪਟਨ ਸਰਕਾਰ ਜਿਥੇ ਇੱਕ ਪਾਸੇ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਦੇ ਰਹੀ ਹੈ। ਸਰਕਾਰ ਦੀ ਇਸ ਰਵੱਈਏ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਨੌਕਰੀਆਂ ਉਨ੍ਹਾਂ ਦੇ ਦਾਦਿਆਂ ਦੀ ਕੁਰਬਾਨੀਆਂ ਨੂੰ ਦੇਖਦੇ ਹੋਏ ਦਿੱਤੀ ਹੈ ਪਰ ਜਿਸ ਨੂੰ ਅਸਲ ਵਿੱਚ ਤਰਸ ਆਧਾਰ ‘ਤੇ ਨੌਕਰੀ ਦੀ ਲੋੜ ਹੈ, ਉਹ ਧੱਕੇ ਖਾ ਰਹੇ ਹਨ।
ਕੈਪਟਨ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਘਰ-ਘਰ ਨੌਕਰੀ ਦਿੱਤੀ ਜਾਵੇਗੀ ਪਰ ਪੰਜਾਬ ਦੇ ਲੋਕਾਂ ਨੂੰ ਘਰ-ਘਰ ਨੌਕਰੀ ਤਾਂ ਨਹੀਂ ਮਿਲੀ ਸਗੋਂ ਕੈਪਟਨ ਨੇ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਉੱਚ ਦਰਜੇ ਦੀ ਨੌਕਰੀ ਜ਼ਰੂਰ ਦਿੱਤੀ ਹੈ।
ਮਾਨਸਾ ਜ਼ਿਲ੍ਹੇ ਦੇ ਪਿੰਡ ਮੰਡਾਲੀ ਦੇ ਨੌਜਵਾਨ ਰੰਜੀਤ ਸਿੰਘ ਦੇ ਪਿਤਾ ਹਰਭਜਨ ਸਿੰਘ ਫੌਜ ’ਚ 1995 ’ਚ ਫੌਜ ਦੇ ਆਪਰੇਸ਼ਨ ਗਾਰਡ ਦੇ ਤਹਿਤ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਸਨ। ਸ਼ਹੀਦ ਦੇ ਪੁੱਤਰ ਨੇ ਜਦੋਂ ਤਰਸ ਦੇ ਆਧਾਰ ’ਤੇ ਨੌਕਰੀ ਦੀ ਮੰਗ ਕੀਤੀ ਤਾਂ ਸਰਕਾਰ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਨੌਕਰੀ ਦੇਣ ਤੋਂ ਮਨ੍ਹਾ ਕਰ ਦਿੱਤਾ।
ਸ਼ਹੀਦ ਦੀ ਵਿਧਵਾ ਪਤਨੀ ਨੇ ਵੀ ਸਰਕਾਰ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਲੋੜਵੰਦ ਲੋਕਾਂ ਨੂੰ ਨੌਕਰੀ ਨਹੀਂ ਦੇ ਰਹੀ ਹੈ ਅਤੇ ਜਿਨ੍ਹਾਂ ਵਿਧਾਇਕਾਂ ਕੋਲ ਕਰੋੜਾਂ ਰੁਪਏ ਹਨ, ਉਨ੍ਹਾਂ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਦੇ ਰਹੀ ਹੈ, ਇਹ ਕਿੱਥੋਂ ਦਾ ਇਨਸਾਫ ਹੈ।
ਇਹ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ : ਸਿਹਤ ਠੀਕ ਨਾ ਹੋਣ ਦੇ ਬਾਵਜੂਦ SIT ਦੇ ਸਵਾਲਾਂ ਦਾ ਜਵਾਬ ਦੇਣਗੇ ਵੱਡੇ ਬਾਦਲ
ਬੀ.ਐੱਡ.ਈ.ਟੀ.ਈ. ਅਤੇ ਟੈੱਟ ਪਾਸ ਰੰਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ ਉਸ ਵੇਲੇ ਤਿੰਨ ਸਾਲ ਸੀ, ਜਦੋਂ ਉਸ ਦੇ ਪਿਤਾ ਸ਼ਹੀਦ ਹੋ ਗਏ। ਉਸ ਨੇ 2017 ’ਚ ਤਰਸ ਦੇ ਆਧਾਰ ‘ਤੇ ਨੌਕਰੀ ਲਈ ਅਰਜ਼ੀ ਦਿੱਤੀ ਸੀ ਪਰ ਸਰਕਾਰ ਨੇ ਨੌਕਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਦੱਸਣਯੋਗ ਹੈ ਕਿ ਕੈਪਟਨ ਸਰਕਾਰ ਦੇ ਇਹ ਫੈਸਲੇ ਜਿਥੇ ਆਮ ਲੋਕਾਂ ਨੂੰ ਨਾਮਨਜ਼ੂਰ ਹੈ, ਉਥੇ ਸਿਆਸੀ ਪਾਰਟੀਆਂ ਵੀ ਇਕਜੁੱਟ ਹੋ ਕੇ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ।