Daburji farmers protest: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਰਨਤਾਰਨ ਦੀ ਪੁਲਸ ਚੌਕੀ ਦੁਬੂਰਜੀ ਦੇ ਕਰਮਚਾਰੀਆਂ ਤੇ ਕੁਝ ਕਿਸਾਨਾਂ ਨਾਲ ਵਧੀਕੀਆਂ ਕਰਨ ਦਾ ਅਰੋਪ ਲਗਾਉਂਦਿਆਂ ਦੁਬੂਰਜੀ ਪੁਲਿਸ ਚੋਕੀ ਦੇ ਬਾਹਰ ਅੰਮਿ੍ਤਸਰ ਬਠਿੰਡਾ ਨੈਸ਼ਨਲ ਹਾਈਵੇ ‘ਤੇ ਧਰਨਾ ਦੇ ਆਵਾਜਾਈ ਨੂੰ ਠੱਪ ਕੀਤਾ ਗਿਆ।
ਕਿਸਾਨ ਆਗੂ ਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪਿੰਡ ਗੋਹਲਵਾੜ ਦੀ ਭਜਨ ਕੌਰ ਨਾਮ ਦੀ ਇੱਕ ਔਰਤ ਵੱਲੋਂ ਪੰਦਰਾਂ ਕੁ ਦਿਨ ਪਹਿਲਾਂ ਕਿਸਾਨ ਆਗੂਆਂ ‘ਤੇ ਚੋਰੀ ਦੀ ਝੂਠੀ ਦਰਖ਼ਾਸਤ ਦਿੱਤੀ ਸੀ। ਪੁਲਿਸ ਵੱਲੋਂ ਉਸ ਸਬੰਧ ਵਿੱਚ ਕਿਸਾਨਾਂ ਨੂੰ ਕੋਈ ਨਿਆਂ ਨਹੀਂ ਦਿੱਤਾ ਜਾ ਰਿਹਾ। ਸਿਆਸੀ ਸ਼ਹਿ ‘ਤੇ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਪਿੰਡ ਖਾਰੇ ਦੇ ਵਿੱਚ ਦੋ ਭਰਾਵਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਜਿਸ ਵਿੱਚ ਇੱਕ ਵਿਅਕਤੀ ਦੇ ਗੰਭੀਰ ਸੱਟਾਂ ਲੱਗੀਆਂ ਸਨ। ਜਿਸ ਦਾ 326 ਦਾ ਪਰਚਾ ਦਰਜ ਕਰਨ ਦੀ ਡਾਕਟਰੀ ਰਿਪੋਰਟ ਆਉਣ ਦੇ ਬਾਵਜੂਦ ਪੁਲਿਸ ਵੱਲੋਂ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਹੈ। ਜਦਕਿ ਦੂਜੀ ਧਿਰ ਦਾ ਧਾਰਾ 452 ਅਤੇ 323 ,324 ਦਾ ਪਰਚਾ ਦਰਜ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਪਿੰਡ ਰਟੋਲ ਦੇ ਸ਼ਮਸ਼ਾਨ ਘਾਟ ਦੇ ਰਾਹ ਦਾ ਮਾਮਲਾ ਹੈ। ਉਸ ਦਾ ਕਬਜ਼ਾ ਵੀ ਨਹੀਂ ਦਵਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਜਿਨ੍ਹਾਂ ਚਿਰ ਉਨ੍ਹਾਂ ਦੇ ਮਸਲੇ ਹੱਲ ਨਹੀਂ ਹੁੰਦੇ ਉਹ ਧਰਨਾ ਜਾਰੀ ਰੱਖਣਗੇ। ਜਦੋਂ ਇਸ ਸਬੰਧ ਵਿੱਚ ਥਾਣਾ ਸਿਟੀ ਦੇ ਮੁੱਖੀ ਗੁਰਚਰਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਕਿਸੇ ਨਾਲ ਧੱਕਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਮਾਮਲੇ ਇਹ ਦੱਸ ਰਹੇ ਹਨ ਉਨ੍ਹਾਂ ਨੂੰ ਵੈਰੀਫਿਕੇਸ਼ਨ ਕਰ ਲਵਾਂਗੇ ਬਾਕੀ ਸ਼ਮਸ਼ਾਨ ਘਾਟ ਦੇ ਰਸਤੇ ਦਾ ਮਾਮਲਾ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ।