Bharti Kisan Manch Ekta Shadipur: ਭਾਰਤੀ ਕਿਸਾਨ ਮੰਚ ਏਕਤਾ ਸ਼ਾਦੀਪੁਰ ਵੱਲੋਂ ਇਕ ਰੈਲੀ ਪਾਤੜਾਂ ਦੀ ਮੰਡੀ ਵਿਖੇ ਜਥੇਬੰਦੀ ਦੇ ਨੌਜਵਾਨ ਆਗੂ ਮੰਨੂ ਬੁੱਟਰ ਦੀ ਅਗਵਾਈ ਹੇਠ ਹੋਈ। ਇਸ ਰੈਲੀ ਨੂੰ ਸੂਬਾ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ, ਅਦਾਕਾਰਾ ਸੋਨੀਆ ਮਾਨ ਤੇ ਪੰਜਾਬੀ ਗਾਇਕ ਗਲਵ ਵੜੈਚ ਸਮੇਤ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਕਿਸਾਨ ਜਥੇਬੰਦੀਆਂ ਦੇ ਦਿੱਲੀ ਵਿਖੇ ਚੱਲ ਰਹੇ ਧਰਨਿਆਂ ਵਿੱਚ ਪਹੁੰਚਣ ਲਈ ਲਾਮਬੰਦ ਕੀਤਾ।
ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਖੇਤੀ ਕਾਨੂੰਨ ਨਾ ਸਿਰਫ਼ ਕਿਸਾਨ ਮਾਰੂ ਹਨ ਸਗੋਂ ਲੋਕ ਮਾਰੂ ਹਨ। ਸਰਕਾਰ ਨਾਲ ਹੋਈਆਂ ਗਿਆਰਾਂ ਦੌਰ ਦੀਆਂ ਮੀਟਿੰਗਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਧਿਰਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਢੁੱਕਵੀਆਂ ਦਲੀਲਾਂ ਦਿੱਤੀਆਂ ਜਿਨ੍ਹਾਂ ਦਾ ਕੈਬਨਿਟ ਮੰਤਰੀਆਂ ਕੋਲ ਕੋਈ ਜਵਾਬ ਨਹੀਂ ਸੀ। ਪਰ ਸਰਕਾਰ ਜਾਣਬੁੱਝ ਕੇ ਅੰਡਾਨੀਆਂ ਅੰਬਾਨੀਆਂ ਦੇ ਹੱਕ ਵਿੱਚ ਭੁਗਤਦੇ ਹਨ। ਖੇਤੀ ਨੂੰ ਵਾਪਸ ਨਾ ਲੈਣ ਦੀ ਜ਼ਿੱਦ ਫੜੀ ਬੈਠੀ ਹੈ। ਉਨ੍ਹਾਂ ਝੋਨੇ ਦੀ ਲਵਾਈ ਮਗਰੋਂ ਕਿਸਾਨਾਂ ਨੂੰ ਮੁੜ ਅੰਦੋਲਨ ਦੀ ਸ਼ੁਰੂਆਤ ਦੀ ਤਰ੍ਹਾਂ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ।
ਇਸ ਦੌਰਾਨ ਉਨ੍ਹਾਂ ਨੌਜਵਾਨ ਕਿਸਾਨ ਆਗੂ ਮਨੂੰ ਬੁੱਟਰ ਨੂੰ ਜਥੇਬੰਦੀ ਦੇ ਯੂਥ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਦੀ ਬਦੌਲਤ ਕਿਸਾਨ ਅੰਦੋਲਨ ਇਤਿਹਾਸਕ ਅਤੇ ਬੇਮਿਸਾਲ ਹੋ ਨਿੱਬੜਿਆ ਹੈ। ਪੰਜਾਬੀ ਲੋਕ ਗਾਇਕ ਗਲਵ ਵੜੈਚ ਅਤੇ ਪ੍ਰਸਿੱਧ ਅਦਾਕਾਰ ਸੋਨੀਆ ਮਾਨ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕਰਕੇ ਕਿਸਾਨਾਂ ਨੂੰ ਦਿੱਲੀ ਅੰਦੋਲਨ ਲਈ ਵਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਕਰਦਿਆਂ ਰੈਲੀ ਵਿੱਚ ਹਾਜ਼ਰ ਨੌਜਵਾਨਾਂ ਨੂੰ ਕਿਹਾ ਕਿ ਬੇਸ਼ੱਕ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਹੈ ਪਰ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਸਮੇਤ ਹੋਰ ਕਈ ਰਾਜਾਂ ਦੇ ਕਿਸਾਨ ਆਰ-ਪਾਰ ਦੀ ਲੜਾਈ ਲੜਨ ਵਿੱਚ ਮੋਹਰੀ ਰੋਲ ਨਿਭਾ ਰਹੇ ਹਨ। ਉਨਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਹੱਥ ਠੋਕਾ ਬਣਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਵਿਰਵਾ ਕਰਨਾ ਚਾਹੁੰਦੀ ਹੈ। ਦੇਸ਼ ਦੇ ਅੰਦੋਲਨ ਵਿੱਚ ਪੰਜਾਬੀਆਂ ਨੇ ਵੱਡੀਆਂ ਕੁਰਬਾਨੀਆਂ ਹਨ। ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਵਿਚਾਰਾਂ ਦੇ ਧਾਰਨੀ ਬਣਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਤੇਈ ਸਾਲ ਦੇ ਗੱਭਰੂ ਅੰਗਰੇਜ਼ਾਂ ਨੂੰ ਦੇਸ਼ ਛੱਡ ਕੇ ਜਾਣ ਲਈ ਮਜਬੂਰ ਕਰ ਦਿੱਤਾ ਸੀ ਅਤੇ ਹੁਣ ਨੌਜਵਾਨ ਮੋਦੀ ਨੂੰ ਭੱਜਣ ਲਈ ਮਜਬੂਰ ਕਰ ਦੇਣਗੇ।