ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਵੱਲੋਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਪੁੱਤਰ ਨੂੰ ਤਰਸ ਦੇ ਆਧਾਰ ‘ਤੇ ਦਿੱਤੀ ਗਈ ਸਰਕਾਰੀ ਨੌਕਰੀ ਨੂੰ ਲੈ ਕੇ ਅੱਜ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸੀ ਵਿਧਾਇਕ ਵਲੋਂ ਬਹੁਤ ਸਾਰੇ ਅਹਿਮ ਖ਼ੁਲਾਸੇ ਕੀਤੇ ਗਏ ਹਨ।
ਦਰਅਸਲ, ਪ੍ਰੈੱਸ ਕਾਨਫਰੰਸ ਦੌਰਾਨ ਫਤਿਹੰਜਗ ਬਾਜਵਾ ਨੇ ਅਹਿਮ ਖ਼ੁਲਾਸਾ ਕਰਦਿਆਂ ਕਿਹਾ ਕਿ ਜਿਸ ਸਮੇਂ ਉਨ੍ਹਾਂ ਦੇ ਪੁੱਤਰ ਨੂੰ ਨੌਕਰੀ ਦੇਣ ਦੀ ਗੱਲ ਸ਼ੁਰੂ ਹੋਈ ਸੀ, ਉਸ ਸਮੇਂ ਹੀ ਇਸ ਗੱਲ ‘ਤੇ ਸਿਆਸਤ ਹੋਣ ਲੱਗ ਗਈ ਸੀ।
ਫਤਿਹਜੰਗ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਉਹ ਇਹ ਨੌਕਰੀ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਾਹਿਬ ਨੇ ਉਨ੍ਹਾਂ ਦੇ ਪਿਤਾ ਦੀ ਸ਼ਹੀਦੀ ਨੂੰ ਪਛਾਣਿਆ ਤਾਂ ਇਸ ਵਿੱਚ ਉਹ ਕਿਵੇਂ ਗਲਤ ਹੋ ਗਏ ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸ਼ਹਾਦਤ ਦੇਣ ਵਾਲਿਆਂ ਲਈ ਨੌਕਰੀ ਇੱਕ ਬਹੁਤ ਛੋਟੀ ਜਿਹੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਿੱਚ ਸ਼ਹਾਦਤ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਨੌਕਰੀ ਵਾਲੀ ਗੱਲ ‘ਤੇ ਜੋ ਸਿਆਸਤ ਹੋਈ ਹੈ, ਇਸ ਨਾਲ ਬੱਚਿਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ, ਪਰ ਉਨ੍ਹਾਂ ਨੇ ਪਹਿਲਾਂ ਹੀ ਇਸ ਨੌਕਰੀ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ‘ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ ।
ਉੱਥੇ ਹੀ ਦੂਜੇ ਪਾਸੇ ਇਸ ਪ੍ਰੈਸ ਕਾਨਫਰੰਸ ਦੌਰਾਨ ਬਾਜਵਾ ਦੇ ਪੁੱਤਰ ਅਰਜੁਨ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਤੇ ਮੰਤਰੀ ਮੰਡਲ ਦਾ ਧੰਨਵਾਦ ਕੀਤਾ ਅਤੇ ਇਸ ਮਾਮਲੇ ‘ਤੇ ਹੋ ਰਹੀ ਰਾਜਨੀਤੀ ‘ਤੇ ਅਫਸੋਸ ਵੀ ਜਤਾਇਆ। ਉਨ੍ਹਾਂ ਕਿਹਾ ਕਿ ਕੁਝ ਲੋਕ ਸਵਾਰਥ ਦੀ ਰਾਜਨੀਤੀ ਦੇ ਕਾਰਨ ਸਵਾਲ ਚੁੱਕ ਰਹੇ ਹਨ। ਅਰਜੁਨ ਬਾਜਵਾ ਨੇ ਅੱਗੇ ਕਿਹਾ ਕਿ ਮੇਰੇ ਦਾਦਾ ਜੀ ਨੇ ਆਪਣੀ ਸ਼ਹਾਦਤ ਦੇ ਦਿੱਤੀ, ਅਜਿਹੀ ਨੌਕਰੀ ਨੂੰ ਮੈਂ 100 ਵਾਰ ਛੱਡਣ ਲਈ ਤਿਆਰ ਹਾਂ।
ਦੱਸ ਦੇਈਏ ਕਿ ਇਸ ਕਾਨਫਰੰਸ ਦੌਰਾਨ ਫਤਿਹਜੰਗ ਬਾਜਵਾ ਨੇ ਆਪਣੀ ਹੀ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ‘ਤੇ ਸਵਾਲ ਚੁੱਕੇ ਹਨ , ਕਿਉਂਕਿ ਉਨ੍ਹਾਂ ਵੱਲੋਂ ਵੀ ਬਾਜਵਾ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਿਰੋਧ ਕੀਤਾ ਗਿਆ ਸੀ।