farmer sarwan singh: ਦਿੱਲੀ ਕਿਸਾਨ ਅੰਦੋਲਨ ਨੂੰ ਹੋਰ ਤੇਜ ਕਰਨ ਲਈ ਜਿੱਥੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਵਲੋਂ ਮੀਟਿੰਗ ਕਰ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ, ਉੱਥੇ ਹੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਵੀ ਅਗਲੇ ਦੀ ਜੱਥੇ ਦੀ ਰਵਾਨਗੀ ਤੋਂ ਪਹਿਲਾਂ ਹਲਕਾ ਬਾਬਾ ਬਕਾਲਾ ਸਾਹਿਬ ਅਤੇ ਜੰਡਿਆਲਾ ਗੁਰੂ ਦੇ ਵੱਖ ਵੱਖ ਜੋਨਾਂ ਵਿੱਚ ਮੀਟਿੰਗ ਕੀਤੀਆਂ ਜਾ ਰਹੀਆਂ ਹਨ।ਇਸੇ ਤਹਿਤ ਅੱਜ ਮੀਟਿੰਗਾਂ ਕਰਨ ਉਪਰੰਤ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਮੋੜ ਬਾਬਾ ਬਕਾਲਾ ਸਾਹਿਬ ਵਿਖੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਕੁਝ ਸਮੇਂ ਲਈ ਰੋਕ ਕੇ ਕੇਂਦਰ ਸਰਕਾਰ ਖਿਲਾਫ ਤਿੱਖੀ ਨਾਅਰੇਬਾਜੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਲਗਾਤਾਰ ਦਿੱਲੀ ਮੋਰਚੇ ਦੀ ਤਿਆਰੀ ਲਈ ਕਿਉਂਕਿ ਅਸੀਂ 5 ਜੁਲਾਈ ਨੂੰ ਦਿੱਲੀ ਮੋਰਚੇ ਨੂੰ ਜਾਣਾ ਹੈ ਅਤੇ 26 ਜੂਨ ਨੂੰ ਮੋਰਚੇ ਦੇ 7 ਮਹੀਨੇ ਹੋ ਰਹੇ ਹਨ, ਜਿਸ ਲਈ ਉਹ ਸਾਰੇ ਜਿਲੈ ਵਿੱਚ ਪ੍ਰੋਗਰਾਮ ਕਰ ਰਹੇ ਹਨ, ਜਿਸ ਲਈ ਅੱਜ ਮਹਿਤਾ ਜੋਨ ਦੀ ਮੀਟਿੰਗ ਕੀਤੀ ਹੈ ਅਤੇ ਬਿਜਲੀ ਸਬੰਧੀ ਮੰਗਾਂ ਨੂੰ ਲੈ ਕੇ ਇੱਕ ਘੰਟੇ ਸੜਕ ਜਾਮ ਕੀਤੀ ਹੈ ਅਤੇ ਬਾਬਾ ਬਕਾਲਾ ਜੋਨ ਵਿੱਚ ਵਡਾਲਾ ਮੀਟਿੰਗ ਕਰਨ ਉਪਰੰਤ ਰਈਆ ਮੋੜ ਤੇ ਵੱਖ ਵੱਖ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਦਾ ਅਰਥੀ ਫੂਕ ਮੁਜਾਹਰਾ ਕੀਤਾ ਹੈ।
ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਹੈ, ਉਥੇ ਪੰਜਾਬ ਵਿੱਚ ਕੈਪਟਨ ਸਰਕਾਰ ਵਲੋਂ ਕੀਤੇ ਵਾਅਦੇ ਵੀ ਵਫਾ ਨਹੀਂ ਹੋਏ ਹਨ, ਜਿਸ ਚ ਨਾ ਤਾਂ ਪੰਜਾਬ ਵਿੱਚ ਕਰਜਾ ਮਾਫੀ ਹੋਈ, ਨਾ ਨਸ਼ਾ ਬੰਦ ਹੋਇਆ, ਨਾ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਅਤੇ ਨਾ ਹੀ ਸਮੇਂ ਸਿਰ ਬਿਜਲੀ ਟਰਾਂਸਫਾਰਮਰ ਚੜ੍ਹ ਰਹੇ ਹਨ, ਉਨ੍ਹਾਂ ਕਿਹਾ ਕਿ 05 ਜੁਲਾਈ ਨੂੰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਅੰਮ੍ਰਿਤਸਰ ਜਿਲ੍ਹੇ ਦਾ ਜੱਥਾ ਬਿਆਸ ਪੁੱਲ ਤੋਂ ਦਿੱਲੀ ਕਿਸਾਨ ਅੰਦੋਲਨ ਲਈ ਰਵਾਨਾ ਹੋਵੇਗਾ।