ਜੰਮੂ-ਕਸ਼ਮੀਰ ਦੇ ਏਅਰਫੋਰਸ ਸਟੇਸ਼ਨ ‘ਤੇ ਦੇਰ ਰਾਤ ਧਮਾਕੇ ਦੀ ਆਵਾਜ਼ ਸੁਣਨ ਤੋਂ ਬਾਅਦ ਹੜਕੰਪ ਮਚ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਧਮਾਕੇ ਦੀ ਆਵਾਜ਼ ਦੇਰ ਰਾਤ 1.50 ਵਜੇ ਸੁਣਾਈ ਦਿੱਤੀ । ਹਾਲਾਂਕਿ, ਇਸ ਧਮਾਕੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ । ਸਾਵਧਾਨੀ ਵਜੋਂ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਕਰ ਰਹੀ ਹੈ ।
ਦਰਅਸਲ, ਇੱਕ ਨਿਊਜ਼ ਏਜੰਸੀ ਦੇ ਅਨੁਸਾਰ ਧਮਾਕੇ ਦੀ ਆਵਾਜ਼ ਜੰਮੂ ਹਵਾਈ ਅੱਡੇ ‘ਤੇ ਸਥਿਤ ਏਅਰ ਫੋਰਸ ਸਟੇਸ਼ਨ ਵਿੱਚ ਸੁਣਾਈ ਦਿੱਤੀ । ਇਹ ਇਲਾਕਾ ਉੱਚ ਸੁਰੱਖਿਆ ਦੇ ਅਧੀਨ ਆਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ 5 ਮਿੰਟ ਦੇ ਅੰਤਰ ਨਾਲ ਦੋ ਧਮਾਕੇ ਹੋਏ ।
ਇਹ ਵੀ ਪੜ੍ਹੋ: ਦਿੱਲੀ ‘ਚ ਵਿਆਹ ਸਮਾਰੋਹ ‘ਚ 50 ਲੋਕਾਂ ਨੂੰ ਮਿਲੀ ਇਜਾਜ਼ਤ, ਅੱਜ ਤੋਂ ਖੁੱਲ੍ਹਣਗੇ ਜਿੰਮ
ਇਸ ਦੌਰਾਨ ਪਹਿਲਾ ਧਮਾਕਾ ਇੱਕ ਇਮਾਰਤ ਦੀ ਛੱਤ ‘ਤੇ ਅਤੇ ਦੂਜਾ ਧਮਾਕਾ ਜ਼ਮੀਨ’ ਤੇ ਹੋਇਆ । ਉੱਥੇ ਹੀ ਇਸ ਤੋਂ ਬਾਅਦ ਮਿੰਟਾਂ ਵਿਚ ਪੂਰਾ ਖੇਤਰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ, ਫੋਰੈਂਸਿਕ ਟੀਮ ਅਤੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।
ਧਮਾਕੇ ‘ਤੇ ਇਸ ਮਾਮਲੇ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ ਕਿ ਏਅਰਪੋਰਟ ਸਟੇਸ਼ਨ ਦੇ ਅੰਦਰ ਧਮਾਕੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਚੰਗੀ ਗੱਲ ਇਹ ਹੈ ਕਿ ਧਮਾਕੇ ਵਿੱਚ ਨਾ ਤਾਂ ਜਵਾਨ ਜ਼ਖ਼ਮੀ ਹੋਇਆ ਹੈ ਅਤੇ ਨਾ ਹੀ ਕੋਈ ਸਾਜ਼ੋ-ਸਾਮਾਨ ਨੁਕਸਾਨਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਜਾਂਚ ਹੁਣੇ ਚੱਲ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਤਸਵੀਰ ਸਪੱਸ਼ਟ ਹੋ ਸਕੇਗੀ।
ਇਸ ਸਬੰਧੀ ਭਾਰਤੀ ਹਵਾਈ ਫੌਜ ਨੇ ਵੀ ਟਵੀਟ ਕਰ ਦੱਸਿਆ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ । ਹਵਾਈ ਫੌਜ ਨੇ ਟਵੀਟ ਕਰਦਿਆਂ ਲਿਖਿਆ ਕਿ ਜੰਮੂ ਏਅਰ ਫੋਰਸ ਸਟੇਸ਼ਨ ‘ਤੇ ਦੋ ਘੱਟ-ਤੀਬਰਤਾ ਵਾਲੇ ਧਮਾਕੇ ਹੋਏ ਸਨ । ਇੱਕ ਧਮਾਕੇ ਵਿੱਚ ਇਮਾਰਤ ਦੀ ਛੱਤ ਨੂੰ ਨੁਕਸਾਨ ਪਹੁੰਚਿਆ ਹੈ । ਉੱਥੇ ਹੀ ਦੂਜਾ ਧਮਾਕਾ ਜ਼ਮੀਨ ‘ਤੇ ਹੋਇਆ, ਪਰ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ।
ਇਹ ਵੀ ਦੇਖੋ: ਕਿਸਾਨਾਂ ਲਈ 30 ਕਰੋੜ ਦਾ ਹੋਟਲ ਦਾਨ ਕਰਨ ਵਾਲੇ ਦੇ ਹੱਕ ‘ਚ ਡਟੇ ਸੁਖਬੀਰ ਸਿੰਘ ਬਾਦਲ