ਬਿਆਸ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਨੇ ਅੱਜ ਬਿਆਸ ਦਰਿਆ ਦੇ ਕੰਢੇ ‘ਤੇ ਵੱਡੇ ਪੱਧਰ ’ਤੇ ਚੱਲ ਰਹੀ ‘ਮਾਈਨਿੰਗ’ ਵਾਲੀ ਥਾਂ ’ਤੇ ਆਪਣੇ ਪੱਧਰ ’ਤੇ ਛਾਪਾ ਮਾਰ ਦਿੱਤਾ।
ਇਸ ਦੌਰਾਨ ਉਹ ਆਪਣੇ ਨਾਲ ਅੰਮ੍ਰਿਤਸਰ ਤੋਂ ਮੀਡੀਆ ਨੂੰ ਲੈ ਕੇ ਪਹੁੰਚੇ। ਸੁਖ਼ਬੀਰ ਬਾਦਲ ਅਤੇ ਮੀਡੀਆ ਕਰਮਚਾਰੀਆਂ ਨੂੰ ਵੇਖਦੇ ਹੀ ਉਥੇ ਮੌਜੂਦ ਲੋਕ ਟਿੱਪਰ ਲੈ ਕੇ ਦੌੜ ਗਏ। ਇਸ ਤੋਂ ਬਾਅਦ ਸੁਖ਼ਬੀਰ ਬਾਦਲ ਨੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ. ਨੂੰ ਫੁਸ ਕਰਕੇ ਮੌਕੇ ‘ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਕਾਰਵਾਈ ਹੋਣ ਤੱਕ ਮੌਕੇ ’ਤੋਂ ਨਹੀਂ ਜਾਣਗੇ ਅਤੇ ਜੇ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਹਾਈਵੇਅ ਜਾਮ ਕਰ ਦੇਣਗੇ। ਉਨ੍ਹਾਂ ਐਲਾਨ ਕੀਤਾ ਕਿ ਜਿਹੜੇ ਅਧਿਕਾਰੀ ਵੀ ਇਸ ਵੇਲੇ ਨਾਜਾਇਜ਼ ਮਾਈਨਿੰਗ ਦੇ ਖਿਲਾਫ਼ ਕਾਰਵਾਈ ਨਹੀਂ ਕਰ ਰਹੇ, ਉਨ੍ਹਾਂ ਨੂੰ 6 ਮਹੀਨਿਆਂ ਬਾਅਦ ਖ਼ੁਦ ਕਾਰਵਾਈ ਦਾ ਸ਼ਿਕਾਰ ਹੋਣਾ ਪਵੇਗਾ।
ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਬੰਧਤ ਕੈਬਨਿਟ ਮੰਤਰੀ ਸੁਖ਼ਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਆਪਣੇ ਵਿਧਾਇਕਾਂ ਅਤੇ ਹੋਰ ਆਗੂਆਂ ਦੀ ਸ਼ਹਿ ‘ਤੇ ਨਾਜਾਇਜ਼ ਮਾਈਨਿੰਗ ਰਾਹੀਂ ਪੰਜਾਬ ਦੀ ਲੁੱਟ ਹੋ ਰਹੀ ਹੈ।