Tapa Mandi fire breaks out: ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਦੇ ਚੱਲਦਿਆਂ ਪਿਛਲੀ ਲੰਘੀ ਰਾਤ ਨੂੰ ਤਪਾ ਮੰਡੀ ਦੇ ਮੇਨ ਰੋਡ ਤੇ ਸਥਿਤ ਰੌਬਿਨ ਸਕਰੈਪ ਸਟੋਰ ਤਪਾ ਵਿੱਚ ਪਏ ਕਬਾੜ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਬਿਜਲੀ ਸਪਾਰਕਿੰਗ ਦੱਸੇ ਜਾ ਰਹੇ ਹਨ।
ਇਸ ਮੌਕੇ ਰੌਬਿਨ ਸਕਰੈਪ ਸਟੋਰ ਤਪਾ ਦੁਕਾਨ ਦੇ ਮਾਲਕ ਜਸਮੀਤ ਸਿੰਘ ਨੇ ਬੜੇ ਹੀ ਦੁਖੀ ਮਨ ਨਾਲ ਦੱਸਿਆ ਕਿ ਪਿਛਲੀ ਲੰਘੀ ਰਾਤ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਚਲੇ ਗਏ ਸਨ। ਪਰ ਬਾਅਦ ‘ਚ ਗੁਆਂਢੀਆਂ ਦੇ ਫੋਨ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਦੀ ਦੁਕਾਨ ਅੰਦਰੋਂ ਅੱਗ ਦੀਆਂ ਲਾਟਾਂ ਚੱਲ ਰਹੀਆਂ ਹਨ। ਪੀੜਤ ਜਸਮੀਤ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਵਾੜ ਇਕੱਠਾ ਕਰਕੇ ਪਿਛਲੇ ਇਕ ਮਹੀਨੇ ਤੋਂ ਰੱਖਿਆ ਗਿਆ ਸੀ ਜੋ ਟ੍ਰਾਂਸਪੋਰਟ ਸਿਸਟਮ ਕਾਰਨ ਹਰੇ ਅੱਗੇ ਭੇਜਿਆ ਨਹੀਂ ਗਿਆ। ਪਿਛਲੀ ਲੰਘੀ ਰਾਤ ਨੂੰ ਅਚਾਨਕ ਬਿਜਲੀ ਸਪਾਰਕਿੰਗ ਕਾਰਨ ਉਨ੍ਹਾਂ ਦੀ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਗਈ ਜਿਸ ਕਾਰਨ 2 ਲੱਖ ਤੋਂ ਵੱਧ ਨੁਕਸਾਨ ਹੋਣ ਦਾ ਖਸਤਾ ਜਤਾਇਆ ਜਾ ਰਿਹਾ ਹੈ।
ਪੀੜਤ ਦੁਕਾਨਦਾਰ ਜਸਮੀਤ ਸਿੰਘ ਨੇ ਆਰਥਿਕ ਮਦਦ ਦੀ ਮੰਗ ਕਰਦਿਆਂ ਕਿਹਾ ਕਿ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਕਾਰਨ ਬਹੁਤ ਨੁਕਸਾਨ ਹੋ ਚੁੱਕਾ ਹੈ। ਜਿਸ ਲਈ ਅੱਗ ਲੱਗਣ ਨਾਲ ਉਨ੍ਹਾਂ ਦਾ 2 ਲੱਖ ਤੋਂ ਵੱਧ ਨੁਕਸਾਨ ਹੋ ਗਿਆ ਹੈ। ਲੱਗੀ ਅੱਗ ਕਾਰਨ ਖ਼ਰੀਦਿਆ ਕਬਾੜ ਮੱਚ ਕੇ ਸੁਆਹ ਹੋ ਗਿਆ ਅਤੇ ਦੁਕਾਨ ਦੀ ਬਿਲਡਿੰਗ ਵੀ ਨੁਕਸਾਨੀ ਗਈ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਦੇ ਹੀ ਪੁਲੀਸ ਪ੍ਰਸ਼ਾਸਨ ਅਤੇ ਬਰਨਾਲਾ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਸਮੇਤ ਇਲਾਕਾ ਨਿਵਾਸੀ ਵੀ ਮੌਕੇ ਤੇ ਪੁੱਜ ਗਏ। ਜਿਨ੍ਹਾਂ ਨੇ ਬੜੀ ਹੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ ਪਰ ਰਾਤ ਦੀ ਲੱਗੀ ਅੱਗ ਅੱਜ ਸਵੇਰ ਤੱਕ ਕਬਾੜ ਵਿੱਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ।
ਜੇਕਰ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਨੇੜਲੀਆਂ ਦੁਕਾਨਾਂ ਵੀ ਅੱਗ ਦੀ ਲਪੇਟ ਚ ਆ ਸਕਦੀਆਂ ਸਨ। ਦੂਜੇ ਪਾਸੇ ਦੇਖਿਆ ਗਿਆ ਕਿ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਸਬ ਡਿਵੀਜ਼ਨ ਤਪਾ ਮੰਡੀ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦਾ ਜੱਦੀ ਸ਼ਹਿਰ ਹੋਣ ਦੇ ਬਾਵਜੂਦ ਵੀ ਫਾਇਰ ਬ੍ਰਿਗੇਡ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਜਿਸ ਲਈ ਬਰਨਾਲਾ ਤੋਂ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੂੰ ਬੁਲਾਉਣਾ ਪੈਂਦਾ ਹੈ ਅਤੇ ਉਸ ਸਮੇਂ ਤੱਕ ਕਾਫੀ ਨੁਕਸਾਨ ਹੋ ਜਾਂਦਾ ਹੈ। ਲੋਕਾਂ ਨੇ ਤਪਾ ਮੰਡੀ ਲਈ ਫਾਇਰ ਬ੍ਰਿਗੇਡ ਗੱਡੀ ਦੀ ਮੰਗ ਵੀ ਕੀਤੀ ਹੈ।