ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿੱਖ, ਜਿਸ ਦਾ ਨਾਂ ਭਾਈ ਸੱਜਾ ਸੀ, ਹਰ ਮਹੀਨੇ ਅਨੰਦਪੁਰ ਸਾਹਿਬ ਗੁਰੂ ਜੀ ਦੇ ਦਰਸ਼ਨਾਂ ਲਈ ਆਉਂਦਾ ਸੀ। (ਇਸ ਸਿੱਖ ਦਾ ਨਾਂ ਭਾਈ ਸੱਜਾ ਸੀ, ਜੋ ਕਿ ਉਸਦਾ ਅਸਲ ਨਾਮ ਨਹੀਂ ਸੀ … ਜਿਸ ਕਿਸਮ ਦੀ ਨੌਕਰੀ ਉਹ ਕਰਦਾ ਸੀ ਉਸਨੂੰ ਸੱਜੀ ਮਜੂਰੀ ਕਿਹਾ ਜਾਂਦਾ ਸੀ, ਕਿਉਂਕਿ ਉਸਦਾ ਸਥਾਈ ਮਾਲਕ ਨਹੀਂ ਸੀ, ਅਤੇ ਇਸ ਲਈ ਉਸਦਾ ਨਾਮ ਸੱਜਾ ਪੈ ਗਿਆ।)
ਇਕ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਉਸਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ “ਗੁਰੂਪਿਆਰਿਓ, ਮੈਂ ਤੁਹਾਨੂੰ ਕਦੇ ਸੇਵਾ ਕਰਦੇ ਨਹੀਂ ਵੇਖਿਆ।” ਸਿੱਖ ਨੇ ਜਵਾਬ ਦਿੱਤਾ- ਮਹਾਰਾਜ, ਮੈਨੂੰ ਵਾਪਸ ਜਾਣਾ ਪੈਣਾ ਹੈ ਅਤੇ ਮਜਦੂਰੀ (ਨੌਕਰੀ) ਲੱਭਣੀ ਪੈਣੀ ਹੈ, ਜੇ ਮੈਂ ਕੰਮ ਨਹੀਂ ਕਰਦਾ ਤਾਂ ਮੇਰਾ ਪਰਿਵਾਰ ਭੁੱਖਾ ਮਰ ਜਾਵੇਗਾ। ਮੈਂ ਕੰਮ ਕਰਾਂਗਾ ਫਿਰ ਤਨਖਾਹ ਮਿਲੇਗੀ ਤਾਂ ਹੀ ਮੇਰੇ ਪਰਿਵਾਰ ਨੂੰ ਖਾਣ ਲਈ ਭੋਜਨ ਮਿਲੇਗਾ।
ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਭਾਈ, ਅਕਾਲ ਪੁਰਖ ਵਾਹਿਗੁਰੂ ਸਭ ਦਾ ਖਿਆਲ ਰੱਖਦਾ ਹੈ, ਇਹ ਤੁਸੀਂ ਨਹੀਂ ਹੋ ਜੋ ਸਭ ਕੁਝ ਕਰ ਰਹੇ ਹੋ, ਸਭ ਕੁਝ ਉਸਦਾ ਹੈ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇੱਥੇ 6 ਮਹੀਨੇ ਰਹਿਣਾ ਚਾਹੀਦਾ ਹੈ ਅਤੇ ਸੇਵਾ ਕਰਨੀ ਚਾਹੀਦੀ ਹੈ। ਸਿੱਖ ਨੇ ਕਿਹਾ ਕਿ ਪਾਤਸ਼ਾਹ, ਮੈਨੂੰ ਮਾਫ ਕਰਨਾ, ਪਰ ਮੈਨੂੰ ਘਰ ਜਾਣਾ ਪੈਣਾ ਹੈ, ਮੈਂ ਤਾਂ ਛੇ ਘੜੀਆਂ ਵੀ ਨਹੀਂ ਰੁੱਕ ਸਕਦਾ ਤੇ ਤੁਸੀਂ ਛੇ ਮਹੀਨਿਆਂ ਦੀ ਗੱਲ ਕਰ ਰਹੇ ਹੋ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਠੀਕ ਹੈ, ਥੋੜੇ ਚਿਰ ਲਈ ਰਹੋ, ਪਰ ਮੈਨੂੰ ਲਗਦਾ ਹੈ ਕਿ ਤੁਹਾਨੂੰ ਇਥੇ ਰਹਿਣਾ ਚਾਹੀਦਾ ਹੈ ਅਤੇ ਸੇਵਾ ਕਰਨੀ ਚਾਹੀਦੀ ਹੈ। ਸਿੱਖ ਨੇ ਮਨ੍ਹਾ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਠੀਕ ਹੈ, ਪਰ ਵਾਪਸ ਜਾਂਦੇ ਹੋਏ ਕਿਰਪਾ ਕਰਕੇ ਇਹ ਪੱਤਰ ਪੀਰ ਬੁੱਧੂ ਸ਼ਾਹ ਨੂੰ ਦੇ ਦੇਣਾ। ਸਿੱਖ ਨੇ ਗੁਰੂ ਜੀ ਤੋਂ ਉਹ ਪੱਤਰ ਲੈ ਲਿਆ।
ਸਿੱਖ ਪੀਰ ਬੁੱਧੂ ਸ਼ਾਹ ਦੇ ਘਰ ਪਹੁੰਚਿਆ। ਪੀਰ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪੱਤਰ ਪ੍ਰਾਪਤ ਕਰਕੇ ਖੁਸ਼ ਹੋਏ। ਉਨ੍ਹਾਂ ਨੇ ਚਿੱਠੀ ਨੂੰ ਚੁੰਮਿਆ, ਉਸ ਨੂੰ ਮੱਥੇ ਉੱਤੇ ਛੂਹਿਆ ਅਤੇ ਸਿੱਖ ਦੀ ਬਹੁਤ ਆਓ-ਭਗਤ ਕੀਤੀ ਕਿਉਂਕਿ ਉਹ ਗੁਰੂ ਜੀ ਦੀ ਚਿੱਠੀ ਲੈ ਕੇ ਆਇਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਪੱਤਰ ਵਿੱਚ ਲਿਖਿਆ ਸੀ ਕਿ ਮੈਂ ਇਹ ਪੱਤਰ ਤੁਹਾਨੂੰ ਮੇਰੇ ਇੱਕ ਸਿੱਖ ਰਾਹੀਂ ਭੇਜ ਰਿਹਾ ਹਾਂ। ਕਿਰਪਾ ਕਰਕੇ ਉਸਨੂੰ ਕਿਸੇ ਵੀ ਕੀਮਤ ‘ਤੇ ਛੇ ਮਹੀਨੇ ਆਪਣੇ ਕੋਲ ਰੱਖੋ। ਜੇ ਉਹ ਆਪਣੀ ਮਰਜ਼ੀ ਨਾਲ ਰਹਿੰਦਾ ਹੈ ਤਾਂ ਬਹੁਤ ਚੰਗਾ, ਨਹੀਂ ਤਾਂ ਕਿਸੇ ਵੀ ਤਰੀਕੇ ਉਸ ਨੂੰ ਰੱਖੋ।
ਭਾਈ ਸੱਜਾ ਜਦੋਂ ਜਾਣ ਲਈ ਤਿਆਰ ਹੋਇਆ ਤਾਂ ਪੀਰ ਪੀਰ ਬੁੱਧੂ ਸ਼ਾਹ ਨੇ ਕਿਹਾ ਜ਼ਰਾ ਰੁਕੋ ਭਾਈ, ਮੈਨੂੰ ਇਹ ਚਿੱਠੀ ਪੜ੍ਹਨ ਦਿਓ। ਜਦੋਂ ਪੀਰ ਬੁੱਧੂ ਸ਼ਾਹ ਨੇ ਚਿੱਠੀ ਪੜ੍ਹ ਕੇ ਕਿਹਾ ਕਿ ਚਲ ਭਾਈ … ਹੁਕਮ ਤੁਹਾਡੇ ਲਈ ਆਇਆ ਹੈ … ਤੁਹਾਨੂੰ ਮੇਰੇ ਨਾਲ 6 ਮਹੀਨੇ ਰਹਿਣਾ ਪਏਗਾ … ਜੇ ਤੁਸੀਂ ਆਪਣੀ ਮਰਜ਼ੀ ਨਾਲ ਰਹੋਗੇ ਤਾਂ ਚੰਗਾ, ਨਹੀਂ ਤਾਂ ਮੈਂ ਤੁਹਾਨੂੰ ਕਿਸੇ ਕੀਮਤ ‘ਤੇ ਰਖਾਂਗਾ, ਇਹ ਗੁਰੂ ਜੀ ਦਾ ਹੁਕਮ ਹੈ… ਉਨ੍ਹਾਂ ਦਾ ਹੁਕਮ ਮੇਰੀ ਜ਼ਿੰਦਗੀ ਹੈ। ਸਿੱਖ ਨੇ ਕਿਹਾ ਕਿ ਮੈਨੂੰ ਜਾਣਾ ਹੀ ਪੈਣਾ ਹੈ। ਮੇਰਾ ਪਰਿਵਾਰ ਭੁੱਖਾ ਮਰ ਜਾਵੇਗਾ। ਇਸ ਸਿੱਖ ਦਾ ਗੁਆਂਢੀ ਬਹੁਤ ਅਮੀਰ ਆਦਮੀ ਸੀ, ਜੋ ਇਕ ਸ਼ਰਧਾਵਾਨ ਸਿੱਖ ਵੀ ਸੀ। ਉਸ ਦੇ ਸੁਪਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਏ ਅਤੇ ਕਿਹਾ ਕਿ ਤੁਹਾਡੇ ਗੁਆਂਢ ਦਾ ਪਰਿਵਾਰ ਮੇਰੇ ਬੱਚੇ ਹਨ, ਉਹ ਮੇਰੇ ਪਰਿਵਾਰ ਹਨ … ਅੱਜ ਤੋਂ ਤੁਹਾਨੂੰ ਉਨ੍ਹਾਂ ਦੀ ਦੇਖਭਾਲ ਕਰਨੀ ਪਵੇਗੀ।
ਉਧਰ ਗਰੀਬ ਸਿੱਖ ਦੇ ਬੱਚਿਆਂ ਨੂੰ ਸੋਨੇ ਦੇ ਸਿੱਕਿਆਂ ਨਾਲ ਭਰਿਆ ਇੱਕ ਵੱਡਾ ਬਰਤਨ ਮਿਲਿਆ। ਉਨ੍ਹਾਂ ਦੇ ਅਮੀਰ ਗੁਆਂਢੀ ਨੇ ਉਨ੍ਹਾਂ ਦੇ ਘਰ ਦੀ ਮੁਰੰਮਤ ਕਰਵਾਈ। ਹੁਣ ਉਹ ਸਾਰੇ ਆਰਾਮ ਨਾਲ ਉਥੇ ਰਹਿੰਦੇ ਸਨ। ਹਮੇਸ਼ਾ ਖਾਣ-ਪਹਿਨਣ ਲਈ ਸਭ ਕੁਝ ਵਧੀਆ ਮਿਲ ਰਿਹਾ ਸੀ, ਉਹ ਖੁਸ਼ੀ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਲੱਗੇ।
6 ਮਹੀਨੇ ਪੂਰੇ ਹੋਣ ਤੋਂ ਬਾਅਦ ਭਾਈ ਸੱਜਾ ਪੀਰ ਬੁੱਧੂ ਸ਼ਾਹ ਤੋਂ ਆਗਿਆ ਲੈ ਕੇ ਆਪਣੇ ਘਰ ਵੱਲ ਤੁਰ ਪਿਆ। ਰਸਤੇ ਵਿੱਚ ਉਹ ਸੋਚ ਰਿਹਾ ਸੀ “ਮੇਰਾ ਪਰਿਵਾਰ ਭੁੱਖਾ ਮਰ ਗਿਆ ਹੋਵੇਗਾ”। ਜਦੋਂ ਉਹ ਆਪਣੇ ਪਿੰਡ ਪਹੁੰਚਿਆ ਤਾਂ ਆਪਣੇ ਟੁੱਟੇ ਘਰ ਦੀ ਥਾਂ ਉਸ ਨੂੰ ਇੱਕ ਖੂਬਸੂਰਤ ਘਰ ਮਿਲਿਆ, ਜਿਸ ਵਿੱਚੋਂ ਉਸਦੀ ਪਤਨੀ ਘਰੋਂ ਬਾਹਰ ਆ ਗਈ। ਭਾਈ ਸੱਜਾ ਦੀ ਪਤਨੀ ਉਸ ਨੂੰ ਵੇਖ ਕੇ ਹੈਰਾਨ ਰਹਿ ਗਈ ਅਤੇ ਘਰ ਦੇ ਅੰਦਰ ਲੈ ਆਈ। ਉਸ ਨੇ ਦੱਸਿਆ ਕਿ ਤੁਹਾਡੇ ਜਾਮ ਪਿੱਛੋਂ ਸਾਡੀ ਸਾਰੀਆਂ ਮੁਸ਼ਕਲਾਂ ਖਤਮ ਹੋ ਗਈਆਂ ਹਨ ਤੇ ਸਭ ਕੁਝ ਦੱਸਿਆ। ਭਾਈ ਸੱਜਾ ਨੂੰ ਹੁਣ ਗੁਰੂ ਜੀ ਦੀ ਗੱਲ ਯਾਦ ਆਈ। ਉਹ ਆਪਣੇ ਪੂਰੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਪਹੁੰਚਿਆ।
ਇਹ ਵੀ ਪੜ੍ਹੋ : ਜਦੋਂ ਕਲਗੀਧਰ ਪਾਤਸ਼ਾਹ ਦਾ ਘੋੜਾ ਤੱਕ ਨਹੀਂ ਵੜਿਆ ਤੰਬਾਕੂ ਦੇ ਖੇਤ ‘ਚ, ਗੁਰੂ ਜੀ ਨੇ ਸਿੱਖਾਂ ਨੂੰ ਦਿੱਤੀ ਵੱਡੀ ਸਿੱਖਿਆ
ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੱਜੇ? ਕੀ ਹੁਣ ਤੁਸੀਂ ਨੌਕਰੀ ਨਹੀਂ ਲੱਭਣੀ? ਤੁਹਾਡਾ ਪਰਿਵਾਰ ਕਿਵੇਂ ਬਚੇਗਾ? ਸੱਜਾ ਬਹੁਤ ਸ਼ਰਮਿੰਦਾ ਹੋਇਆ ਅਤੇ ਕਹਿਣ ਲੱਗਾ ਕਿ ਗੁਰੂ ਸਾਹਿਬ ਜੀ ਤੁਸੀਂ ਸਹੀ ਸੀ… ਅਕਾਲ ਪੁਰਖ ਵਾਹਿਗੁਰੂ ਸਭਨਾਂ ਦਾ ਖਿਆਲ ਰੱਖਦਾ ਹੈ, ਉਸ ਨੂੰ ਸਾਰਿਆਂ ਦੀ ਫਿਕਰ ਹੈ। ਮੇਰੀ ਮੂਰਖਤਾ ਨੂੰ ਖਿਮਾ ਕਰੋ।