ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਝੋਨੇ ਲਈ ਪੂਰੀ ਬਿਜਲੀ ਦਿੱਤੀ ਜਾਵੇਗੀ। ਲੇਕਿਨ ਅਸਲੀਅਤ ਵਿਚ ਸਰਕਾਰ ਦੇ ਦਾਅਵੇ ਖੋਖਲੇ ਸਾਬਿਤ ਹੋਏ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਕੁਝ ਕਿਸਾਨ ਖੇਤਾਂ ਵਿਚ ਖੜ੍ਹੇ ਪੰਜਾਬ ਸਰਕਾਰ ਨੂੰ ਕੋਸ ਰਹੇ ਹਨ ਕਿਉਂਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰੀ ਬਿਜਲੀ ਨਹੀਂ ਦਿੱਤੀ ਜਾਂਦੀ। ਜਿਸ ਕਰਕੇ ਖੇਤਾਂ ਵਿੱਚ ਪਾਣੀ ਨਾ ਹੋਣ ਕਰਕੇ ਤਰੇੜਾਂ ਪੈ ਗਈਆਂ ਅਤੇ ਝੋਨੇ ਦਾ ਭਾਰੀ ਨੁਕਸਾਨ ਹੋ ਰਿਹਾ ਹੈ।
ਕਿਸਾਨਾਂ ਨੇ ਚੈਨਲ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅੱਠ ਘੰਟੇ ਬਿਜਲੀ ਦਿੱਤੀ ਜਾਵੇਗੀ। ਪਰ ਸਰਕਾਰ ਤਿੰਨ ਜਾਂ ਚਾਰ ਘੰਟੇ ਬਿਜਲੀ ਦੇ ਕੇ ਸਮਾਂ ਪੂਰਾ ਕਰ ਰਹੀ ਹੈ। ਜਿਸ ਨਾਲ ਝੋਨੇ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਮਜਬੂਰੀਵੱਸ ਇਨ੍ਹਾਂ ਖੇਤਾਂ ਨੂੰ ਹੁਣ ਵਾਹੁਣਾ ਪਵੇਗਾ ਕਿਉਂਕਿ ਇਨ੍ਹਾਂ ਖੇਤਾਂ ਵਿੱਚ ਪਾਣੀ ਖੜ੍ਹਾ ਹੋਣਾ ਸੰਭਵ ਨਹੀਂ ਰਿਹਾ।