ਲੁਧਿਆਣਾ : ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਾ ਪ੍ਰਕੋਪ ਕਈ ਪਰਿਵਾਰਾਂ ‘ਤੇ ਬੁਰੀ ਤਰ੍ਹਾਂ ਪਿਆ ਹੈ, ਜਿਨ੍ਹਾਂ ਦੇ ਪਰਿਵਾਰ ਦੇ ਕਮਾਉਣ ਵਾਲੇ ਹੀ ਇਸ ਮਹਾਮਾਰੀ ਕਰਕੇ ਮੌਤ ਦੇ ਮੂੰਹ ਵਿੱਚ ਚਲੇ ਗਏ। ਜਿਸ ਕਰਕੇ ਅਜਿਹੇ ਪਰਿਵਾਰਾਂ ਦੀ ਰੋਜ਼ੀ-ਰੋਟੀ ‘ਤੇ ਬਹੁਤ ਹੀ ਮਾੜਾ ਪਰਿਵਾਰ ਪਿਆ ਹੈ।
ਕਰਮਚਾਰੀ ਰਾਜ ਬੀਮਾ ਨਿਗਮ ਯੋਜਨਾ (ESIC) ਨੇ ਆਪਣੇ ਅਜਿਹੇ ਪਰਿਵਾਰਾਂ ਨੂੰ ਰਾਹਤ ਪਹੁੰਚਾਉਣ ਲਈ ਅਤੇ ਉਨ੍ਹਾਂ ਦੀ ਮਦਦ ਲਈ ਕਦਮ ਚੁੱਕਿਆ ਹੈ, ਜਿਸ ਅਧੀਨ ESIC ਦੇ ਬੀਮਾਧਾਰਕ, ਜਿਨ੍ਹਾਂ ਦੀ ਕੋਰੋਨਾ ਮਹਾਮਾਰੀ ਕਰਕੇ ਮੌਤ ਹੋ ਗਈ ਹੈ, ਦੇ ਪਰਿਵਾਰਾਂ ਲਈ ESIC ਕੋਵਿਡ-19 ਰਾਹਤ ਯੋਜਨਾ ਦੀ ਸ਼ੁਰੂਆਤ ਕੀਤੀ ਹੈ।
ਇਸ ਯੋਜਨਾ ਅਧੀਨ ਕੋਵਿਡ-19 ਕਾਰਨ ਜਾਨ ਗੁਆਉਣ ਵਾਲੇ ਬੀਮਾਧਾਰਕ ‘ਤੇ ਨਿਰਭਰ ਪਰਿਵਾਰ ਦੇ ਪਾਤਰ ਮੈਂਬਰਾਂ ਨੂੰ ਬੀਮਾਂਧਾਰਕ ਦੀ ਔਸਤ ਦੈਨਿਕ ਮਜ਼ਦੂਰੀ ਦਾ 90 ਪ੍ਰਤੀਸ਼ਤ ਤੱਕ ਦਾ ਆਵਧਿਕ ਭੁਗਤਾਨ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਕੀਤਾ ਜਾਵੇਗਾ। ਇਸ ਯੋਜਨਾ ਅਧੀਨ ਘੱਟੋ-ਘੱਟ ਰਾਹਤ 1800 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ। ਇਹ ਯੋਜਨਾ 24 ਮਾਰਚ, 2020 ਤੋਂ ਅਗਲੇ ਦੋ ਸਾਲਾਂ ਲਈ ਪ੍ਰਭਾਵੀ ਹੋਵੇਗੀ।
ਇਸ ਦੇ ਲਈ ਕੋਰੋਨਾ ਕਾਰਨ ਜਾਨ ਗੁਆਉਣ ਵਾਲੇ ਬੀਮਾਧਾਰਕ ਕਰਮਚਾਰੀ ਰਾਜ ਬੀਮਾ ਨਿਗਮ ਦੇ ਆਨਲਾਈਨ ਪੋਰਟਲ ‘ਤੇ ਕੋਵਿਡ-19 ਦੇ ਪੁਸ਼ਟੀ ਤੋਂ 3 ਮਹੀਨੇ ਪਹਿਲਾਂ ਰਜਿਸਟਰਡ ਹੋਣਾ ਚਾਹੀਦਾ ਹੈ। ਮ੍ਰਿਤਕ ਬੀਮਾਧਾਰਕ ਦੇ ਕੋਵਿਡ-19 ਦੇ ਪੁਸ਼ਟੀ ਦੇ ਦਿਨ ਉਸ ਦਾ ਰੋਜ਼ਗਾਰ ਵਿੱਚ ਹੋਣਾ ਜਰੂਰੀ ਹੈ ਅਤੇ ਪੁਸ਼ਟੀ ਹੋਣ ਦੇ ਪਿਛਲੇ ਇੱਕ ਸਾਲ ਦੇ ਦੌਰਾਨ 70 ਦਿਨਾਂ ਦਾ ਅੰਸ਼ਦਾਨ ਪ੍ਰਾਪਤ ਹੋਣਾ ਜਾਂ ਭੁਗਤਾਨ ਯੋਗ ਹੋਣਾ ਜਰੂਰੀ ਹੈ।
ਬੀਮਾਂਧਾਰਕ ਪ੍ਰਸੂਤੀ ਹਿਤਲਾਭ, ਵਿਸਤਾਰਿਤ ਬੀਮਾਰੀ ਹਿਤਲਾਭ ਜਾਂ ਅਸਥਾਈ ਅਪੰਗਤਾ ਹਿਤਲਾਭ ਦਾ ਲਾਭ ਲੈ ਰਹੇ ਸੀ, ਉਹਨਾਂ ਦੀ ਕੋਵਿਡ ਕਾਰਨ ਮੌਤ ਦੀ ਸਥਿਤੀ ਵਿੱਚ 70 ਦਿਨ ਦੇ ਅੰਸ਼ਦਾਨ ਦੀ ਸ਼ਰਤ ਪੂਰੀ ਨਾ ਹੌਣ ਤੇ ਪ੍ਰਸੂਤੀ ਹਿਤਲਾਭ, ਵਿਸਤਾਰਿਤ ਬੀਮਾਰੀ ਹਿਤਲਾਭ ਜਾਂ ਅਸਥਾਈ ਅਪੰਗਤਾ ਹਿਤਲਾਭ ਦੇ ਲਾਭ ਦੇ ਦਿਨਾਂ ਦੀ ਇੱਕ ਸਾਲ ਪਹਿਲਾਂ ਤੱਕ ਦੀ ਗਣਨਾ ਇਸ ਯੋਜਨਾ ਵਿੱਚ ਰਾਹਤ ਪਹੁੰਚਾਉਣ ਲਈ ਕੀਤੀ ਜਾਵੇਗੀ।
ਇਸ ਦੇ ਲਈ ਯੋਜਨਾ ਦੇ ਅਧੀਨ ਨਿਰਧਾਰਿਤ ਪ੍ਰੋਫਾਰਮੇ ‘ਤੇ ਕੋਵਿਡ ਪਾਜ਼ੀਚਿਵ ਰਿਪੋਰਟ ਅਤੇ ਮੌਤ ਦੇ ਸਰਟੀਫਿਕੇਟ ਦੇ ਨਾਲ ਨਜ਼ਦੀਕੀ ਸ਼ਾਖਾ ਦਫ਼ਤਰ ਵਿੱਚ ਦਾਵਾ ਪੇਸ਼ ਕਰਨਾ ਹੋਵੇਗਾ। ਨਿਰਭਰ ਮੈਂਬਰ ਦੀ ਉਮਰ ਅਤੇ ਪਛਾਣ ਲਈ ਯੋਗ ਅਧਿਕਾਰੀ ਦੁਆਰਾ ਜਾਰੀ ਜਨਮ ਪ੍ਰਮਾਣ-ਪੱਤਰ ਅਤੇ ਆਧਾਰ ਮੰਨਣਯੋਗ ਹੋਵੇਗਾ। ਮ੍ਰਿਤਕ ਬੀਮਾਧਾਰਕ ਦੀ ਪਤਨੀ ਹਰੇਕ ਸਾਲ 120 ਰੁਪਏ ਜਮ੍ਹਾ ਕਰ ਕੇ ਕਰਮਚਾਰੀ ਰਾਜ ਬੀਮਾ ਨਿਗਮ ਦੇ ਸੰਸਥਾਨਾਂ ਵਿੱਚ ਚਿਕਿਤਸਾ ਸੰਭਾਲ ਦੇ ਲਈ ਹੱਕਦਾਰ ਹੋਵੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ : ਕੇਂਦਰ ਤੋਂ ਮਿਲੇ 40 ਵੈਂਟੀਲੇਟਰਾਂ ਨੂੰ PGI ਦੀ ਜਾਂਚ ਕਮੇਟੀ ਨੇ ਦੱਸਿਆ ‘ਖਤਰਨਾਕ’, ਭੇਜੇ ਵਾਪਿਸ
ਇਸ ਤੋਂ ਇਲਾਵਾ ESIC ਐਕਟ, 1948 ਦੇ ਅੰਤਰਗਤ ਵਿਆਪਤ ਕਰਮਚਾਰੀ ਦੀ ਮੰਦਭਾਗੀ ਮੌਤ ਦੀ ਸਥਿਤੀ ਵਿੱਚ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰ ਜਾਂ ਜਿਸ ਨੇ ਅਸਲ ਵਿੱਚ ਬੀਮਾਧਾਰਕ ਦਾ ਸਸਕਾਰ ਕਰਨ ਵਾਲੇ ਵਿਅਕਤੀ ਨੂੰ 15000 ਰੁਪਏ ਦੀ ਰਾਸ਼ੀ ਦਾ ਭੁਗਤਾਨ ਵੀ ਕੀਤਾ ਜਾਂਦਾ ਹੈ।