Lehragaga village swine flu: ਲਹਿਰਾਗਾਗਾ ਸ਼ਹਿਰ ਦੇ ਬਾਰਾਂ, ਤੇਰਾਂ ਅਤੇ ਪੰਦਰਾਂ ਵਾਰਡ ਵਿੱਚੋਂ ਲੰਘਣ ਵਾਲਾ ਨਾਲਾ ਅਤੇ ਨਗਰ ਕੌਂਸਲ ਵੱਲੋਂ ਸੁੱਟੀਆਂ ਜਾਂਦੀਆਂ ਕੂੜੇ ਦੀਆਂ ਟਰਾਲੀਆਂ ਤੋਂ ਇਲਾਵਾ ਸੂਰਾਂ ਦੇ ਵਾੜੇ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਕਿਸੇ ਵੇਲੇ ਵੀ ਇੱਥੇ ਡੇਂਗੂ, ਸਵਾਈਨ ਫਲੂ ਤੋਂ ਇਲਾਵਾ ਭਿਆਨਕ ਮਹਾਂਮਾਰੀ ਫੈਲ ਸਕਦੀ ਹੈ। ਇਨ੍ਹਾਂ ਦੀ ਪ੍ਰਸ਼ਾਸਨ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ।
ਇਸ ਵਾਰੇ ਵਾਰਡ ਨੰਬਰ 15 ਦੇ ਗੁਰਦਾਸ ਸਿੰਘ ਨੇ ਕਿਹਾ, ਕਿ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਤੋਂ ਇਲਾਵਾ ਹੋਰ ਭੀ ਲੀਡਰ ਇਹ ਸਮੱਸਿਆ ਹੱਲ ਕਰਨ ਦਾ ਵਾਅਦਾ ਕਰਕੇ ਵੋਟਾਂ ਲੈ ਕੇ ਚਲੇ ਜਾਂਦੇ ਹਨ, ਪ੍ਰੰਤੂ ਮਗਰੋਂ ਪੰਜ ਸਾਲ ਤੱਕ ਸਾਡੀ ਕੋਈ ਸਾਰ ਨਹੀਂ ਲੈਂਦਾ। ਵਾਰਡ ਵਾਸੀ ਮੰਜੂ ਦੇਵੀ ਦਾ ਕਹਿਣਾ ਹੈ, ਕਿ ਅਸੀਂ ਦਸ- ਪੰਦਰਾਂ ਸਾਲਾਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਾਂ। ਨਗਰ ਕੌਂਸਲ ਵਾਲੇ ਇੱਥੇ ਕੂੜੇ ਦੀਆਂ ਟਰਾਲੀਆਂ ਸੁੱਟ ਜਾਂਦੇ ਹਨ, ਉੱਤੋਂ ਨਾਲੇ ਵਿਚ ਗੰਦਾ ਪਾਣੀ ਭਰ ਜਾਂਦਾ ਹੈ। ਜਿਸ ਕਾਰਨ ਇੱਥੇ ਡੇਂਗੂ, ਸਵਾਈਨ ਫਲੂ ਅਤੇ ਹੋਰ ਬਿਮਾਰੀਆਂ ਦਾ ਖ਼ਤਰਾ ਹਰ ਸਮੇਂ ਬਣਿਆ ਰਹਿੰਦਾ ਹੈ। ਅਸੀਂ ਜਿੰਨੀ ਦਿਹਾੜੀ ਕਮਾਉਂਦੇ ਹਾਂ ਓਨੀ ਹੀ ਡਾਕਟਰਾਂ ਨੂੰ ਦੇ ਆਉਂਦੇ ਹਾਂ। ਇੱਥੇ ਸੂਰ ਪਾਲਕਾਂ ਨੇ ਬਾਗਲ ਮਾਰੇ ਹੋਏ ਹਨ, ਜੋ ਸੂਰ ਮਰ ਜਾਣ ਤੇ ਵੀ ਉਨ੍ਹਾਂ ਨੂੰ ਨਹੀਂ ਮਿੱਟੀ ਵਿੱਚ ਦਫ਼ਨਾਉਂਦੇ, ਅਤੇ ਬਾਹਰ ਗੰਦਗੀ ਦੇ ਢੇਰਾਂ ਤੇ ਸੁੱਟ ਜਾਂਦੇ ਹਨ। ਉਤੋਂ ਸਾਨੂੰ ਧਮਕੀਆਂ ਦਿੰਦੇ ਹਨ।
ਬਿਜਲੀ ਬੋਰਡ ਦੇ ਆਗੂ ਜੰਗੀਰ ਸਿੰਘ ਕਟਾਰੀਆ ਨੇ ਕਿਹਾ, ਕਿ ਸਾਰੇ ਸ਼ਹਿਰ ਦਾ ਕੂੜਾ ਇੱਥੇ ਸੁੱਟਿਆ ਜਾਂਦਾ ਹੈ। ਬਾਕੀ ਇੱਥੋਂ ਲੰਘਦੇ ਗੰਦੇ ਨਾਲੇ ਦੀ ਕਾਫੀ ਸਾਲਾਂ ਤੋਂ ਸਫਾਈ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ, ਕਿ ਇੱਥੇ ਗੰਦੇ ਨਾਲੇ, ਗੰਦਗੀ ਅਤੇ ਸੂਰਾਂ ਕਾਰਨ ਹੋਈ ਮੌਤ ਦਾ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਜ਼ਮੀਨ ਦਾ ਮਾਲਕ ਠਹਿਰਾਇਆ ਜਾਵੇਗਾ। ਅਸੀਂ ਇਸ ਸਬੰਧੀ ਹਾਈ ਕੋਰਟ ਵੀ ਜਾ ਰਹੇ ਹਾਂ। ਵਾਰਡ ਨੰਬਰ ਪੰਦਰਾਂ ਦੇ ਕੌਂਸਲਰ ਬਲਬੀਰ ਸਿੰਘ ਨੇ ਕਿਹਾ, ਕਿ ਇੱਥੇ ਬਾਜ਼ਾਰ ਦਾ ਕੂਡ਼ਾ ਸੁੱਟਣਾ ਬੰਦ ਕੀਤਾ ਜਾਵੇ, ਨਾਲੇ ਨੂੰ ਪੱਕਾ ਕੀਤਾ ਜਾਵੇ, ਸੂਰਾਂ ਦੇ ਵਾੜੇ ਚੁੱਕੇ ਜਾਣ। ਜੇਕਰ ਸਾਡੀ ਸਮੱਸਿਆ ਹੱਲ ਨਹੀਂ ਹੋਈ ਤਾਂ ਅਸੀਂ ਸ਼ਹਿਰ ਦਰਮਿਆਨ ਪੱਕੇ ਧਰਨੇ ਤੇ ਬੈਠਣ ਲਈ ਵੀ ਤਿਆਰ ਹੋਵਾਂਗੇ।
ਕਾਰਜ ਸਾਧਕ ਅਫ਼ਸਰ ਦੀ ਗ਼ੈਰ ਮੌਜੂਦਗੀ ਵਿੱਚ ਨਗਰ ਕੌਂਸਲ ਦੇ ਕਲਰਕ ਜਸਵੀਰ ਸਿੰਘ ਨੇ ਕਿਹਾ ਕਿ ਹੁਣ ਦੋ ਮਹੀਨਿਆਂ ਤੋਂ ਹੜਤਾਲ ਕਾਰਨ ਇੱਥੇ ਕੂੜਾ ਨਹੀਂ ਸੁੱਟਿਆ ਗਿਆ। ਜੇਕਰ ਫਿਰ ਵੀ ਕੂੜਾ ਕਰਕਟ ਹੈ ਤਾਂ ਸਾਫ ਕਰਵਾ ਦਿੱਤਾ ਜਾਵੇਗਾ। ਗੰਦੇ ਨਾਲੇ ਬਾਰੇ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਬੰਧਤ ਮਹਿਕਮੇ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ। ਸੂਰਾਂ ਦੇ ਵਾੜਿਆਂ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਮੌਕਾ ਦੇਖ ਆਏ ਹਾਂ ਅਤੇ ਉਨ੍ਹਾਂ ਨੂੰ ਚਿਤਾਵਨੀ ਵੀ ਦੇ ਦਿੱਤੀ ਹੈ। ਆਉਂਦੇ ਦੋ- ਚਾਰ ਦਿਨਾਂ ਵਿੱਚ ਇਨ੍ਹਾਂ ਦਾ ਸਥਾਈ ਹੱਲ ਕਰਵਾਇਆ ਜਾਵੇਗਾ। ਹੁਣ ਦੇਖਣ ਵਾਲੀ ਗੱਲ ਇਹ ਹੈ, ਕਿ ਜਦੋਂ ਦਸ- ਪੰਦਰਾਂ ਸਾਲਾਂ ਤੋਂ ਇਨ੍ਹਾਂ ਦੀਆਂ ਸਮੱਸਿਆਵਾਂ ਦੂਰ ਨਹੀਂ ਹੋਈਆਂ ,ਤਾ ਕਿ ਹੁਣ ਦੋ- ਚਾਰ ਦਿਨਾਂ ਵਿੱਚ ਇਨ੍ਹਾਂ ਦੀ ਸਮੱਸਿਆਵਾਂ ਦੂਰ ਹੋ ਜਾਣਗੀਆਂ ?