ਜਰਮਨੀ ਨੇ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਤੋਂ ਪ੍ਰਭਾਵਿਤ ਭਾਰਤ, ਬ੍ਰਿਟੇਨ ਅਤੇ ਪੁਰਤਗਾਲ ਦੇ ਯਾਤਰੀਆਂ ‘ਤੇ ਲਗਾਈਆਂ ਪਾਬੰਦੀਆਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ । ਦੱਸ ਦੇਈਏ ਕਿ ਭਾਰਤ ਅਤੇ ਬ੍ਰਿਟੇਨ ਵਿੱਚ ਡੈਲਟਾ ਵੈਰੀਐਂਟ ਨੇ ਤਬਾਹੀ ਮਚਾਈ ਹੋਈ ਹੈ।
ਬ੍ਰਿਟੇਨ ਵਿੱਚ ਇਨ੍ਹੀਂ ਦਿਨੀਂ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਦਕਿ ਭਾਰਤ ਵਿੱਚ ਰੋਜ਼ਾਨਾ 40 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
ਦਰਅਸਲ, ਕੋਰੋਨਾ ਮਾਮਲਿਆਂ ਦੀ ਜਾਂਚ ਅਤੇ ਖੋਜ ਕਰਨ ਵਾਲੀ ਜਰਮਨੀ ਦੀ ਏਜੰਸੀ ਨੇ ਕਿਹਾ ਕਿ ਭਾਰਤ, ਨੇਪਾਲ, ਰੂਸ, ਪੁਰਤਗਾਲ ਅਤੇ ਬ੍ਰਿਟੇਨ ਨੂੰ ਉੱਚ ਜੋਖਮ ਵਾਲੀ ਸ਼੍ਰੇਣੀ ਤੋਂ ਹਟਾ ਕੇ ਚਿੰਤਾਜਨਕ ਵੈਰੀਐਂਟ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ । ਇਸ ਨਾਲ ਹੁਣ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਲਈ ਜਰਮਨੀ ਦੀ ਯਾਤਰਾ ਕਰਨਾ ਸੌਖਾ ਹੋ ਜਾਵੇਗਾ।
ਮੌਜੂਦਾ ਸਮੇਂ ਵਿੱਚ ਜਰਮਨੀ ਦੇ ਕੋਵਿਡ-19 ਨਿਯਮਾਂ ਦੇ ਅਨੁਸਾਰ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਦੇ ਮੱਦੇਨਜ਼ਰ ਦੋ ਹਫਤਿਆਂ ਦੇ ਕੁਆਰੰਟੀਨ ਅਤੇ ਟੀਕਾਕਰਨ ਦੀ ਸਥਿਤੀ ਨੂੰ ਦੇਖਦ ਹੋਏ ਦਾਖਲਾ ਦਿੱਤਾ ਜਾਂਦਾ ਹੈ । ਹੁਣ ਭਾਰਤ ਸਣੇ ਇਨ੍ਹਾ ਦੇਸ਼ਾਂ ਦੇ ਨਾਗਰਿਕਾਂ ਨੂੰ ਕੋਰੋਨਾ ਨੈਗੇਟਿਵ ਟੈਸਟ ਦਿਖਾਉਣ ਅਤੇ 10 ਦਿਨਾਂ ਦੇ ਕੁਆਰੰਟੀਨ ‘ਤੇ ਹੀ ਦਾਖਲ ਹੋਣ ਦੀ ਆਗਿਆ ਹੋਵੇਗੀ ।
ਦੱਸ ਦੇਈਏ ਕਿ ਜਰਮਨੀ ਵਿੱਚ ਕੁਆਰੰਟੀਨ ਦੀ ਮਿਆਦ ਨੂੰ ਘਟਾ ਕੇ 5 ਦਿਨ ਵੀ ਕੀਤਾ ਜਾ ਸਕਦਾ ਹੈ। ਨਵੇਂ ਨਿਯਮ ਬੁੱਧਵਾਰ ਤੋਂ ਲਾਗੂ ਹੋਣਗੇ । ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਨੂੰ ਦੋਵੇਂ ਡੋਜ਼ ਲੱਗਣ ‘ਤੇ ਦਾਖਲੇ ਦੀ ਆਗਿਆ ਹੋਵੇਗੀ।