ਜਗਰਾਉਂ : ਪਿੰਡ ਗੁਰੁਸਰ ਕਾਊਂਕੇ ਦੇ ਮਾਮਲੇ ‘ਤੇ ਪੰਚਾਇਤ ਮੈਂਬਰ ਦੇ ਬੇਟੇ ਨੇ ਮੰਗਲਵਾਰ ਰਾਤ ਨੂੰ ਘਰ ‘ਚ ਜ਼ਹਿਰ ਖਾ ਲਿਆ, ਜਿਸ ਨੂੰ ਗੰਭੀਰ ਹਾਲਤ ਵਿੱਚ ਇਕ ਨਿੱਜੀ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਉਣਾ ਪਿਆ।
ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ‘ਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਦਿੱਲੀ ਵਿਚ ਕੀਤੇ ਜਾ ਰਹੇ ਅੰਦੋਲਨ ਵਿਚ ਇਕ ਜਗਰਾਉਂ ਦੇ ਕਿਸਾਨ ਦੇ ਵੱਡੇ ਟਰਾਲੇ ਨੂੰ ਚੋਰੀ ਕਰਨ ਦਾ ਦੋਸ਼ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇੰਟਰਨੈੱਟ ਮੀਡੀਆ ‘ਤੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਕੁੰਡਲੀ ਬਾਰਡਰ ਤੋਂ ਇੱਕ ਵਿਅਕਤੀ ਦੀ ਟਰਾਲਾ ਲਿਜਾਂਦੇ ਹੋਏ ਇੱਕ ਵਿਅਕਤੀ ਦੀ ਵੀਡੀਓ ਖੂਬ ਵਾਇਰਲ ਹੋਈ ਸੀ। ਉਸ ਤੋਂ ਬਾਅਦ ਉਸ ਦੀ ਪਛਾਣ ਜਗਰਾਉਂ ਨੇੜੇ ਪਿੰਡ ਦੇ ਪੰਚਾਇਤ ਮੈਂਬਰ ਵਜੋਂ ਹੋਈ ਸੀ।
ਇਸ ਤੋਂ ਬਾਅਦ ਉਸ ਦੀਆਂ ਤਸਵੀਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਇਲਾਕੇ ਦੇ ਕਾਂਗਰਸੀ ਨੇਤਾਵਾਂ ਨਾਲ ਲਗਾਏ ਗਏ ਪੋਸਟਰਾਂ ਨੂੰ ਵੀ ਲੋਕਾਂ ਵੱਲੋਂ ਖੂਬ ਵਾਇਰਲ ਕੀਤਾ ਗਿਆ। ਇਸ ਸਬੰਧ ਵਿੱਚ ਉਕਤ ਪੰਚਾਇਤ ਮੈਂਬਰ ਖ਼ਿਲਾਫ਼ ਕੁੰਡਲੀ ਬਾਰਡਰ ਤੋਂ ਟਰਾਲਾ ਚੋਰੀ ਕਰਨ ਦੇ ਦੋਸ਼ ਵਿੱਚ ਦਿੱਲੀ ਪੁਲਿਸ ਥਾਣੇ ਵਿੱਚ ਕੇਸ ਵੀ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨ ਦੇ ਪੁੱਤ ਨੇ ਛੋਟੀ ਉਮਰੇ ਵਧਾਇਆ ਮਾਣ : ਤਰਨਤਾਰਨ ਦਾ ਆਦੇਸ਼ ਪ੍ਰਕਾਸ਼ ਸਿੰਘ ਪੰਨੂ IAF ‘ਚ ਬਣਿਆ ਫਲਾਇੰਗ ਅਫਸਰ
ਕੇਸ ਦਰਜ ਹੋਣ ਤੋਂ ਬਾਅਦ ਹੈਡ ਕਾਂਸਟੇਬਲ ਦੀਪਕ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਉਸਨੂੰ ਗ੍ਰਿਫਤਾਰ ਕਰਨ ਲਈ ਪਿੰਡ ਪਹੁੰਚੀ, ਉਦੋਂ ਸਾਰੀਆਂ ਧਿਰਾਂ ਦੇ ਮੈਂਬਰਾਂ ਅਤੇ ਪਿੰਡ ਦੇ ਹੋਰ ਪਤਵੰਤੇ ਵਿਅਕਤੀਆਂ ਨੇ ਉਕਤ ਪੰਚਾਇਤ ਮੈਂਬਰ ਖ਼ਿਲਾਫ਼ ਟਰਾਲਾ ਚੋਰੀ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਪੁਲਿਸ ਕੋਲ ਆਪਣਾ ਪੱਖ ਰੱਖਿਆ, ਪਰ ਇਸ ਦੇ ਬਾਵਜੂਦ ਪੁਲਿਸ ਨੇ ਗ੍ਰਿਫਤਾਰੀ ਲਈ ਉਸ ਦੇ ਘਰ ‘ਤੇ ਛਾਪੇਮਾਰੀ ਕੀਤੀ ਸੀ। ਹਾਲਾਂਕਿ ਉਹ ਘਰ ‘ਚ ਨਹੀਂ ਮਿਲਿਆ ਸੀ। ਇਸ ਘਟਨਾ ਤੋਂ ਦੁਖੀ ਹੋ ਕੇ 22 ਸਾਲਾ ਨੌਜਵਾਨ ਨੇ ਜ਼ਹਿਰ ਨਿਗਲ ਲਿਆ। ਗੰਭੀਰ ਹਾਲਤ ਵਿੱਚ ਉਸ ਨੂੰ ਇਲਾਜ ਲਈ ਜਗਰਾਉਂ ਦੇ ਕਲਿਆਣੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾ .ਦੀਪਕ ਕਲਿਆਣੀ ਅਨੁਸਾਰ ਨੌਜਵਾਨ ਦੀ ਹਾਲਤ ਸਥਿਰ ਹੈ।