ਚੰਡੀਗੜ੍ਹ: ਟਰਾਂਸਪੋਰਟ ਸੈਕਟਰ ਦੀ ਦੁਰਦਸ਼ਾ ਨੂੰ ਉਜਾਗਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਟਰਾਂਸਪੋਰਟ ਵਿੰਗ ਵੱਲੋਂ 12 ਜੁਲਾਈ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ – ਨਵਾਂ ਮੋਤੀ ਬਾਗ ਮਹਿਲ ਦੇ ਸਾਹਮਣੇ ‘ਧਰਨਾ’ ਦਿੱਤਾ ਜਾਵੇਗਾ ਅਤੇ ਟਰਾਂਸਪੋਰਟਰਾਂ ਨੂੰ ਇਕ ਸਾਲ ਲਈ ਸੜਕ ਟੈਕਸ ਤੋਂ ਛੋਟ ਦਿੱਤੀ ਜਾਵੇ ਅਤੇ ਪੈਟਰੋਲੀਅਮ ਪਦਾਰਥਾਂ ‘ਤੇ ਰਾਜ ਵੈਟ ਵਿਚ 50 ਫ਼ੀਸਦੀ ਕਟੌਤੀ ਕਰਨ ਦੀ ਮੰਗ ਕੀਤੀ ਜਾਵੇਗੀ।
ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਰਿਕਸ਼ਾ ਚਾਲਕਾਂ, ਟਰੱਕ, ਟੈਕਸੀ, ਸਕੂਲ ਬੱਸ ਤੇ ਆਟੋ ਰਿਕਸ਼ਾ ਮਾਲਕਾਂ ਸਮੇਤ ਇਸ ਸੈਕਟਰ ਦੇ ਹਰ ਸਟੈਂਡ ਤੋਂ ਪ੍ਰੋਤੀਨਿਧ 12 ਜੁਲਾਈ ਨੂੰ ਪਟਿਆਲਾ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਦੋ ਘੰਟੇ ਦਾ ਧਰਨਾ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਦਿਸ਼ਾ ਵਿਚ ਕੋਈ ਕਦਮ ਨਾ ਚੁੱਕਿਆ ਤਾਂ ਫਿਰ ਟਰਾਂਸਪੋਰਟ ਵਿੰਗ ਆਪਣੀਆਂ ਮੰਗਾਂ ਦੇ ਹੱਕ ਵਿਚ ਅਗਸਤ ਵਿਚ ਸੂਬੇ ਭਰ ਵਿਚ ਰੋਸ ਰੈਲੀਆਂ ਕਰੇਗਾ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਟਰੱਕ, ਸਕੂਲ ਬੱਸਾਂ, ਟੈਕਸੀਆਂ ਤੇ ਆਟੋ ਰਿਕਸ਼ਾ ਆਦਿ ਨੂੰ ਇਕ ਸਾਲ ਲਈ ਰੋਡ ਟੈਕਸ ਦੀ ਅਦਾਇਗੀ ਤੋਂ ਛੋਟ ਮਿਲਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦੇ ਮਾਲਕ ਇਕ ਸਾਲ ਤੋਂ ਵੱਧ ਸਮੇਂ ਤੋਂ ਕੋਰੋਨਾ ਪਾਬੰਦੀਆਂ ਕਾਰਨ ਆਪਣਾ ਕਾਰੋਬਾਰ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਘਟਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸਨੇ ਟਰਾਂਸਪੋਰਟ ਸੈਕਟਰ ਨੁੰ ਮੁਨਾਫਾਹੀਣ ਬਣਾ ਦਿੱਤਾ ਹੈ ਤੇ ਆਮ ਲੋਕਾਂ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਤਕਲੀਫਾਂ ਤੋਂ ਮੁਨਾਫਾ ਕਮਾ ਰਹੀ ਹੈ ਅਤੇ ਇਸ ਵੇਲੇ ਸਭ ਤੋਂ ਵੱਧ ਵੈਟ ਘਟਾਉਣ ਤੋਂ ਇਨਕਾਰੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ’ਤੇ ਵੈਟ ਤੁਰੰਤ 50 ਫੀਸਦੀ ਘਟਾਇਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 7 ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
ਚੰਦੂਮਾਜਰਾ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਟਰੱਕ ਯੂਨੀਅਨਾਂ ਬਹਾਲ ਕੀਤੀਆਂ ਜਾਣਗੀਆਂ ਜੋ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਖਤਮ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕਦਮ ਨਾਲ ਨਵੀਂ ਸਿੰਡੀਕੇਟ ਪੈਦਾ ਹੋ ਗਈ ਜਿਸ ਟਰੱਕਾਂ ਦੇ ਕਾਰੋਬਾਰ ’ਤੇ ਕਬਜ਼ਾ ਕਰ ਲਿਆ ਜਿਸ ਕਾਰਨ ਮਾਲਕ ਤੇ ਵਪਾਰੀ ਦੋਵੇਂ ਘਾਟੇ ਵਿਚ ਚਲੇ ਗਏ। ਉਨ੍ਹਾਂ ਕਿਹਾ ਕਿ ਅਸੀਂ ਟਰੱਕ ਯੂਨੀਅਨਾਂ ਦੀ ਬਹਾਲੀ ਵਾਸਤੇ ਤਿੰਨ ਮੈਂਬਰੀ ਕਮੇਟੀਆਂ ਬਣਾਵਾਂਗੇ ਜਿਸ ਵਿਚ ਇਲਾਕੇ ਦਾ ਐਸ ਡੀ ਐਮ, ਇਕ ਟਰੱਕ ਅਪਰੇਟਰ ਅਤੇ ਵਪਾਰ ਦਾ ਇਕ ਪ੍ਰਤੀਨਿਧ ਸ਼ਾਮਲ ਹੋਵੇਗਾ ਤਾਂ ਜੋ ਵਾਜਬ ਰੇਟ ਤੈਅ ਕੀਤੇ ਜਾ ਸਕਣ ਤੇ ਸਾਰੀਆਂ ਸ਼ਿਕਾਇਤਾਂ ਸੁਖਾਲਿਆਂ ਹੀ ਦੂਰ ਕੀਤੀਆਂ ਜਾ ਸਕਣ।
ਅਕਾਲੀ ਸਰਕਾਰ ਬਣਨ ‘ਤੇ ਟਰੱਕਾਂ ਵਾਲਿਆਂ ਨੂੰ ਸਾਲਾਨਾ ਟੈਕਸ ਦੀ ਅਦਾਇਗੀ ’ਤੇ ਇਕ ਸਟਿਕਰ ਦੇਵੇਗੀ ਤਾਂ ਜੋ ਸੜਕ ’ਤੇ ਉਨ੍ਹਾਂ ਨੂੰ ਕੋਈ ਰੋਕ ਨਾ ਸਕੇ ਜਿਸ ਨਾਲ ਟਰੱਕਾਂ ਵਾਲਿਆਂ ਦੀ ਪ੍ਰੇਸ਼ਾਨੀ ਵੀ ਖਤਮ ਹੋਵੇਗੀ ਤੇ ਭ੍ਰਿਸ਼ਟਾਚਾਰ ਵੀ ਦੂਰ ਹੋਵੇਗਾ। ਉਨ੍ਹਾਂ ਕਿਹਾ ਕਿ ਹੋਰ ਕਦਮ ਵੀ ਚੁੱਕੇ ਜਾਣਗੇ ਜਿਵੇਂ ਕਿ ਓਵਰਲੋਡਿੰਗ ਵਾਸਤੇ ਟਰੱਕਾਂ ਨੁੰ ਵਾਰ ਵਾਰ ਰੋਕਿਆ ਜਾਣਾ ਅਤੇ ਟਰੱਕਾਂ ਵਾਲਿਆਂ ਵੱਲੋਂ ਲਏ ਜਾਂਦੇ ਟੈਂਡਰਾਂ ਦੀ 100 ਫੀਸਦੀ ਅਦਾਇਗੀ ਆਦਿ। ਉਨ੍ਹਾਂ ਦੱਸਿਆ ਕਿ ਇਸ ਵੇਲੇ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਇਕ ਨੇੜਲਾ ਵਿਅਕਤੀ ਟਰੱਕਾਂ ਵਾਲਿਆਂ ਵੱਲੋਂ ਲਏ ਟੈਂਡਰ ਦਾ 2 ਕਰੋੜ ਰੁਪਏ ਬਕਾਇਆ ਨਹੀਂ ਦੇ ਰਿਹਾ ਤੇ ਕਿਹਾ ਕਿ ਸੂਬੇ ਵਿਚ ਅਕਾਲੀ ਸਰਕਾਰ ਬਣਨ ’ਤੇ ਇਹ ਭ੍ਰਿਸ਼ਟ ਹਰਕਤਾਂ ਬੰਦ ਕੀਤੀਆਂ ਜਾਣਗੀਆਂ।
ਇਸ ਮੌਕੇ ਪਰਮਜੀਤ ਸਿੰਘ ਫਾਜ਼ਿਲਕਾ ਪ੍ਰਧਾਨ ਟਰਾਂਸਪੋਰਟ ਵਿੰਗ, ਪਾਲ ਸਿੰਘ ਬਾਠ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਹਫਜ਼ਾਬਾਦ ਮੀਤ ਪ੍ਰਧਾਨ, ਸੁਖਵਿੰਦਰ ਸਿੰ ਛਿੰਦੀ ਮੀਤ ਪ੍ਰਧਾਨ, ਸੱਜਣ ਸਿੰਘ ਖਿਆਲਪੁਰ ਮੀਤ ਪ੍ਰਧਾਨ, ਭਰਪੂਰ ਸਿੰਘ ਭਵਾਨੀਗੜ੍ਹ ਮੀਤ ਪ੍ਰਧਾਨ, ਦਵਿੰਦਰÇ ਸੰਘ ਚੱਢਾ ਜਨਰਲ ਸਕੱਤਰ ਤੇ ਦਵਿੰਦਰ ਸਿੰਘ ਢਿੱਲਵਾਂ ਜਥੇਬੰਦਕ ਸਕੱਤਰ, ਸਲਾਹਕਾਰੀ ਮੈਂਬਰ ਜਗਦੀਪ ਸਿੰਘ ਨਕਈ, ਚਰਨ ਸਿੰਘ ਲੋਹਾਰਾ, ਗੁਰਦੀਪ ਸਿੰਘ ਜੁਝਾਰ ਬੱਸ, ਯਾਦਵਿੰਦਰ ਸਿੰਘ ਯਾਦੀ ਜੈਲਦਾਰ, ਸੰਨੀ ਢਿੱਲੋਂ, ਜਸਮੇਰ ਸਿੰਘ ਲਾਛੜੂ, ਕਮਲਜੀਤ ਸਿੰਘ ਲਾਲੀ, ਜੋਗਿੰਦਰ ਸਿੰਘ ਪਾਲ ਬੱਸ, ਸੁਰਜੀਤ ਸਿੰਘ ਬੋਪਾਰਾਏ, ਕੁਲਵੰਤ ਸਿੰਘ ਕੰਤਾ, ਸਤਨਾਮ ਸਿੰਘ ਥੋਪੀਆ, ਜ਼ਿਲ੍ਹਾ ਪ੍ਰਧਾਨ ਪਾਲ ਸਿੰਘ ਕੁਲੇਮਾਜਰਾ, ਗਮਦੂਰ ਸਿੰਘ ਸੰਗਰੂਰ, ਅਵਤਾਰ ਸਿੰਘ ਗੁਰਦਾਸਪੁਰ, ਜਸਵਿੰਦਰ ਸਿੰਘ ਜਗਨੂੰ ਹੁਸ਼ਿਆਰਪੁਰ, ਰਣਜੀਤ ਸਿੰਘ ਗੋਸਾਈਂ ਪਠਾਨਕੋਟ, ਦਰਸ਼ਨ ਸਿੰਘ ਢਿੱਲੋਂ ਬਰਨਾਲਾ, ਬਹਾਦਰ ਸਿੰਘ ਫਤਿਹਗੜ੍ਹ ਸਾਹਿਬ, ਜਸਪਾਲ ਸਿੰਘ ਮੌੜ ਫਰੀਦਕੋਟ, ਹਰਕੰਵਲ ਸਿੰਘ ਬੇਗਮਪੁਰ ਜਲੰਘਰ, ਗੁਰਮੀਤ ਸਿੰ ਭਾਗਪੁਰ ਮੋਗਾ, ਕਰਮਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਸਵਰਨ ਸਿੰਘ ਜਗਰਾਓਂ, ਕੁਲਜੀਤ ਸਿੰਘ ਰਿੰਪੀ ਖੰਨਾ ਤੇ ਗੁਰਦੀਪ ਸਿੰਘ ਸੈਣੀ ਮਾਜਰਾ ਮੁਹਾਲੀ ਨੇ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ : ਕੈਪਟਨ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਕੀਤੀ ਮੁਲਾਕਾਤ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ‘ਤੇ ਕੀਤੀ ਵਿਚਾਰ-ਚਰਚਾ