Kabaddi Player Amandeep Kaur: ਤਪਾ ਮੰਡੀ ਤੋ 3 ਕਿਲੋਮੀਟਰ ਦੁਰ ਜਿਲ੍ਹਾ ਬਠਿੰਡਾ ਦੇ ਪਿੰਡ ਜੇਠੂਕੇ ਵਿਖੇ ਇੱਕ ਗ਼ਰੀਬ ਪਰਿਵਾਰ ਦੀ ਲੜਕੀ ਅਮਨਦੀਪ ਕੌਰ ਜੋ 4 ਵਾਰ ਨੈਸ਼ਨਲ ਅਤੇ 9 ਵਾਰ ਸਟੇਟ ਖੇਡ ਚੁੱਕੀ ਹੈ। ਪਰ ਘਰ ਦੇ ਮਾੜੇ ਆਰਥਿਕ ਹਾਲਾਤਾਂ ਦੇ ਚੱਲਦਿਆਂ ਮਜਬੂਰ ਬਸ ਆਪਣੀ ਕਬੱਡੀ ਖੇਡ ਅਤੇ ਪੜ੍ਹਾਈ ਨੂੰ ਛੱਡ ਕੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਲਈ ਝੋਨਾ ਲਾਉਣ ਲਈ ਮਜਬੂਰ ਹੈ।
ਡੇਲੀ ਪੋਸਟ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆਂ ਨੈਸ਼ਨਲ ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਇੱਕ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਬਚਪਨ ਤੋਂ ਹੀ ਉਸ ਨੂੰ ਕਬੱਡੀ ਖੇਡ ਦਾ ਸ਼ੌਂਕ ਸੀ। ਜਿਸ ਦੇ ਚਲਦਿਆਂ ਉਸ ਨੇ ਪੜ੍ਹਾਈ ਦੇ ਨਾਲ ਨਾਲ ਕਬੱਡੀ ਖੇਡ ਕੇ ਸਕੂਲ, ਪਿੰਡ ਜ਼ਿਲ੍ਹਾ ਬਠਿੰਡਾ ਸਮੇਤ ਪੰਜਾਬ ਦਾ ਨਾਂ ਵੀ ਰੌਸ਼ਨ ਕੀਤਾ। ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੰਜਾਬ ਵਿੱਚ 9 ਵਾਰ ਸਟੇਟ ਕਬੱਡੀ ਚੈਂਪੀਅਨਸ਼ਿਪ ਖੇਡ ਚੁੱਕੀ ਹੈ ਅਤੇ ਪੰਜਾਬ ਤੋਂ ਬਾਹਰ ਦੂਜੇ ਰਾਜਾਂ ਦਿੱਲੀ,ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਵੀ ਚੰਗੀ ਕਬੱਡੀ ਖੇਡ ਕੇ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰਨ ਤੋਂ ਇਲਾਵਾ ਮੈਡਲ ਅਤੇ ਸਰਟੀਫਿਕੇਟ ਜਿੱਤੇ ਹਨ।
ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਬੜੇ ਹੀ ਦੁਖੀ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜਕੱਲ੍ਹ ਪੈਸਾ ਅਤੇ ਚੰਗੀ ਸਿਫ਼ਾਰਸ਼ ਨਾਲ ਹੀ ਵੱਡੇ ਸੁਪਨੇ ਨੂੰ ਪੂਰਾ ਕੀਤਾ ਜਾ ਸਕਦਾ ਹੈ। ਕਿਉਂਕਿ ਅੱਜ ਉਸ ਨੂੰ ਮਜਬੂਰਨ ਬੱਸ ਘਰ ਦੇ ਆਰਥਿਕ ਹਾਲਾਤਾਂ ਕਾਰਨ ਦਿਹਾਡ਼ੀ ਮਜ਼ਦੂਰੀ ਕਰਨੀਆਂ ਪੈ ਰਹੀਆਂ ਹਨ। ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਪੜ੍ਹਾਈ ਤੇ ਬੋਲਦੇ ਕਿਹਾ ਕਿ ਉਹ 12ਵੀਂ ਕਲਾਸ ਵਿੱਚੋਂ ਵੀ 83 ਪ੍ਰਤੀਸ਼ਤ ਨੰਬਰ ਲੈ ਕੇ ਪਹਿਲੇ ਨੰਬਰ ਤੇ ਆਈ ਸੀ.ਨਾਂ ਤਾਂ ਉਸ ਨੂੰ ਪੰਜਾਬ ਦੀ ਕੈਪਟਨ ਸਰਕਾਰ,ਖੇਡ ਵਿਭਾਗ ਅਤੇ ਨਾ ਹੀ ਸਿੱਖਿਆ ਵਿਭਾਗ ਨੇ ਉਸ ਦੀ ਕੋਈ ਮਦਦ ਕੀਤੀ। ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਕਿਹਾ ਕਿ ਅੱਜ ਵੀ ਉਹ ਕਬੱਡੀ ਖੇਡ ਲਈ ਆਪਣਾ ਸਮਾਂ ਦੇ ਕੇ ਆਪਣੇ ਪਿੰਡ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ ਪਰ ਘਰ ਦੇ ਹਾਲਾਤਾਂ ਕਾਰਨ ਦਿਹਾੜੀਆਂ ਕਰਨ ਲਈ ਮਜਬੂਰ ਹੈ।
ਉਸ ਨੇ ਕਿਹਾ ਕਿ ਉਸ ਦੇ 2 ਛੋਟੇ ਭਰਾ ਹਨ ਜਿਨ੍ਹਾਂ ਦੀ ਚੰਗੀ ਪੜ੍ਹਾਈ ਕਰਾਉਣ ਲਈ ਉਸ ਨੂੰ ਆਪਣੇ ਮਾਪਿਆਂ ਨਾਲ ਮਿਹਨਤ ਮਜ਼ਦੂਰੀ ਕਰਵਾਨੀ ਪੈਂਦੀ ਹੈ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਤੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਿਕੰਦਰ ਸਿੰਘ ਮਲੂਕਾ ਦੀ ਬਦੌਲਤ ਸਦਕਾ ਪਿੰਡ ਮਲੂਕਾ ਵਿਖੇ ਉਹ ਚੰਗੀ ਕਬੱਡੀ ਖੇਡ ਲਈ ਚੰਗੇ ਨਾਮ ਕਮਾਉਂਦੀ ਰਹੀ। ਉਸ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਚੰਗੇ ਕਬੱਡੀ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਬਹੁਤ ਹੀ ਮਾਣ ਸਨਮਾਨ ਦਿੱਤੇ ਜਾਂਦੇ ਸਨ। ਪਰ ਕੈਪਟਨ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਅਣਗੌਲੇ ਹੋਣ ਕਾਰਨ ਅੱਜ ਉਸ ਨੂੰ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਕੁੜੀਆਂ ਕਿਸੇ ਨਾਲੋਂ ਵੀ ਘੱਟ ਨਹੀਂ ਹਨ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ,ਸਮਾਜ ਸੇਵੀ ਅਤੇ ਵਿਦੇਸ਼ਾਂ ਵਿੱਚ ਬੈਠੇ ਸਮਾਜ ਸੇਵੀ ਐੱਨ.ਆਰ.ਆਈ ਭਰਾਵਾਂ ਤੋਂ ਆਰਥਿਕ ਮਦਦ ਦੀ ਗੁਹਾਰ ਲਾਈ ਹੈ,ਤਾਂ ਜੋ ਉਹ ਦੁਬਾਰੇ ਕਬੱਡੀ ਖੇਡ ਰਾਹੀਂ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕੇ।
ਇਸ ਮੌਕੇ ਕਬੱਡੀ ਖਿਡਾਰਨ ਅਮਨਦੀਪ ਕੌਰ ਦੀ ਮਾਤਾ ਰਾਜਵਿੰਦਰ ਕੌਰ ਨੇ ਵੀ ਕਿਹਾ ਕਿ ਉਨ੍ਹਾਂ ਦੀ ਲੜਕੀ ਅੱਜ ਵੀ ਆਪਣੇ ਜਿੱਤੇ ਹੋਏ ਮੈਡਲ ਸਰਟੀਫਿਕੇਟ ਅਤੇ ਕੱਬਡੀ ਦੀ ਵਰਦੀ ਨੂੰ ਦੇਖ ਕੇ ਰੋ ਪੈਂਦੀ ਹੈ। ਪਰ ਘਰ ਦੀ ਆਰਥਿਕ ਮਜਬੂਰੀ ਹੋਣ ਕਾਰਨ ਉਨ੍ਹਾਂ ਨਾਲ ਦਿਹਾੜੀ ਮਜ਼ਦੂਰੀ ਕਰਨ ਲਈ ਖੇਤਾਂ ਵਿੱਚ ਝੋਨਾ ਲਾ ਰਹੀ ਹੈ। ਅੱਜ ਦੇ ਇਸ ਜ਼ਮਾਨੇ ਵਿੱਚ ਜਿੱਥੇ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਜਾਂ ਦਿੱਤਾ ਜਾਂਦਾ ਉਥੇ ਅਮਨਦੀਪ ਕੌਰ ਵਰਗੀਆਂ ਸੈਂਕੜੇ ਖਿਡਾਰੀ ਲੜਕੀਆਂ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਚੰਗੀਆਂ ਖੇਡਾਂ ਖੇਡਣ ਤੋਂ ਬਾਝੇ ਰਹਿ ਜਾਂਦੀਆਂ ਹਨ। ਸਮੇਂ ਦੀਆਂ ਸਰਕਾਰਾਂ ਅਤੇ ਸਮਾਜ ਸੇਵੀ ਇਸ ਪੀੜ੍ਹਤ ਨੈਸ਼ਨਲ ਕਬੱਡੀ ਖਿਡਾਰਨ ਅਮਨਦੀਪ ਕੌਰ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਅਮਨਦੀਪ ਕੌਰ ਵਰਗੀਆਂ ਲੜਕੀਆਂ ਇਕ ਮਿਸਾਲ ਕਾਇਮ ਕਰ ਸਕਣ।