ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਰਵਿੰਦਰ ਸਿੰਘ ਉਰਫ ਰਵੀ ਢਿੱਲੋਂ ਨੂੰ ਅੱਜ NIA ਦੀ ਸਪੈਸ਼ਲ ਕੋਰਟ ਪੰਜਾਬ ਵੱਲੋਂ ਵੱਲੋਂ ਜ਼ਮਾਨਤ ਮਿਲ ਗਈ।
ਰਵਿੰਦਰ ਸਿੰਘ ਉਰਫ ਰਵੀ ਢਿੱਲੋਂ ਲੁਧਿਆਣਾ ਦੇ ਸਲੇਮ ਟਾਵਰੀ ਦਾ ਰਹਿਣ ਵਾਲਾ ਹੈ। ਉਸ ਨੂੰ ਗੈਰ-ਕਾਨੂੰਨੀ ਸਰਗਰਮੀਆਂ ਅਤੇ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਮਾਮਲੇ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਅੱਜ ਮੋਹਾਲੀ ਦੀ ਸ਼੍ਰੀ ਕਰੁਣੇਸ਼ ਕੁਮਾਰ ਵਾਲੀ ਐਨਆਈਏ ਸਪੈਸ਼ਲ ਕੋਰਟ ਵੱਲੋਂ ਉਸ ਦੀ ਜ਼ਮਾਨਤ ਨੂੰ ਮਨਜ਼ੂਰੀ ਦੇ ਦਿੱਤੀ ਗਈ। ਰਵਿੰਦਰ ਸਿੰਘ ਫਿਲਹਾਲ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ ਅਤੇ ਜ਼ਰੂਰੀ ਕਾਰਵਾਈਆਂ ਤੋਂ ਬਾਅਦ ਉਸ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਕਾਮਰੇਡ ਸੰਧੂ ਨੂੰ ਪਿਛਲੇ ਸਾਲ 16 ਅਕਤੂਬਰ ਨੂੰ ਉਸ ਦੇ ਘਰ ਅਤੇ ਸਕੂਲ ਵਿਖ਼ੇ ਪੁੱਜੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਐਨ.ਆਈਲ.ਏ.ਨੇ ਇਸ ਮਾਮਲੇ ਵਿੱਚ ਪਹਿਲੀ ਜਨਵਰੀ ਨੂੰ ਕੇਸ ਦਰਜ ਕਰਕੇ 8 ਦੋਸ਼ੀਆਂ ਦੇ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ।
ਇਹ ਵੀ ਪੜ੍ਹੋ : ਬੈਂਸ ਜਬਰ-ਜ਼ਨਾਹ ਮਾਮਲਾ : ਵਿਧਾਇਕ ਨੇ ਖੜਕਾਇਆ ਹਾਈਕੋਰਟ ਦਾ ਬੂਹਾ, ਹੇਠਲੀ ਅਦਾਲਤ ਦੇ ਹੁਕਮਾਂ ਨੂੰ ਦਿੱਤੀ ਚੁਣੌਤੀ
ਇਸ ਮਾਮਲੇ ‘ਚ ਤਰਨਤਾਰਨ ਪੁਲਿਸ ਨੇ ਲੁਧਿਆਣਾ ਦੇ ਕੁਝ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਸੀ, ਜਿਨ੍ਹਾਂ ਵਿੱਚ ਰਵਿੰਦਰ ਸਿੰਘ ਉਰਫ ਰਵੀ ਢਿੱਲੋਂ ਵੀ ਸ਼ਾਮਲ ਸੀ। ਬਾਅਦ ‘ਚ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਘਟਨਾ ਪਾਕਿਸਤਾਨ ‘ਚ ਬੈਠੇ ਖਾਲਿਸਤਾਨ ਸਮਰਥਕਾਂ ਨੇ ਕਰਵਾਈ ਸੀ। ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਐੱਨ.ਆਈ.ਏ ਕਰ ਰਹੀ ਹੈ।