ਕਪੂਰਥਲਾ : ਪੰਜਾਬ ਪੁਲਿਸ ਨੇ ਬੇਗੋਵਾਲ ਵਿੱਚ 23 ਸਾਲਾ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ 20 ਦਿਨਾਂ ਤੱਕ 6 ਰਾਜਾਂ ਵਿੱਚ 1900 ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਗੈਂਗਸਟਰ ਸ਼ੇਰਾ ਨੂੰ ਕਾਬੂ ਕੀਤਾ ਹੈ।
ਮੁਲਜ਼ਮ ਦੀ ਪਛਾਣ ਦਲਜੀਤ ਸਿੰਘ ਸ਼ੇਰਾ ਕਰਤਾਰਪੁਰ (ਜਲੰਧਰ) ਵਜੋਂ ਹੋਈ ਹੈ। ਸੀਨੀਅਰ ਪੁਲਿਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਗੈਂਗਸਟਰ ਸ਼ੇਰਾ ਨੂੰ ਪੁਲਿਸ ਟੀਮ ਨੇ ਤੇਲੰਗਾਨਾ ਦੇ ਸਾਈਬਰਬਾਦ ਤੋਂ ਗ੍ਰਿਫਤਾਰ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ 18 ਜੂਨ ਦੇਰ ਰਾਤ ਮੁਲਜ਼ਮਾਂ ਨੇ ਉਨ੍ਹਾਂ ਦੇ ਕੁਝ ਸਾਥੀਆਂ ਸਮੇਤ ਉਸ ਵੇਲੇ 23 ਸਾਲਾ ਮੁਕੂਲ ਨੂੰ ਗੋਲੀ ਮਾਰ ਦਿੱਤੀ, ਜਦੋਂ ਉਹ ਖੇਡ ਦੇ ਮੈਦਾਨ ਤੋਂ ਘਰ ਪਰਤ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਉਸ ਦੇ ਗਿਰੋਹ ਦੇ ਇੱਕ ਮੈਂਬਰ ਦੀ ਹੱਤਿਆ ਵਿੱਚ ਮੁਕੁਲ ਦੀ ਸ਼ਮੂਲੀਅਤ ਦਾ ਸ਼ੱਕ ਸੀ। ਮੁਕੁਲ ਦੇ ਪਿਤਾ ਦੇ ਬਿਆਨਾਂ ‘ਤੇ ਪੁਲਿਸ ਨੇ ਬੇਗੋਵਾਲ ਥਾਣੇ ਵਿਖੇ ਦਲਜੀਤ ਸਿੰਘ ਸ਼ੇਰਾ, ਮੰਗਲ ਸਿੰਘ, ਲਵਲੀ ਅਤੇ ਪ੍ਰਿੰਸ ਨਾਮ ਦੇ ਚਾਰ ਬਦਮਾਸ਼ਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਐਸਐਸਪੀ ਨੇ ਦੱਸਿਆ ਕਿ ਉਸੇ ਦਿਨ ਹੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਬਦਮਾਸ਼ਾਂ ਨੇ ਹੁਸ਼ਿਆਰਪੁਰ ਦੇ ਟਾਂਡਾ ਖੇਤਰ ਵਿੱਚ ਇੱਕ ਪਾਦਰੀ ਦੀ ਕੁੱਟਮਾਰ ਅਤੇ ਹਵਾ ਵਿੱਚ ਫਾਇਰਿੰਗ ਕਰਕੇ ਚਿੱਟੇ ਰੰਗ ਦੀ ਸਵਿਫਟ ਕਾਰ ਖੋਹ ਲਈ ਹੈ। ਮੁਲਜ਼ਮ ਕਤਲ ਵਿੱਚ ਵਰਤੀ ਆਪਣੀ ਸਕੂਟੀ ਉਸੇ ਜਗ੍ਹਾ ਨੇੜੇ ਹੀ ਛੱਡ ਗਏ ਸਨ, ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਬਰਾਮਦ ਕਰ ਲਿਆ।
ਕਤਲ ਤੋਂ ਅਗਲੇ ਦਿਨ ਦਲਜੀਤ ਸਿੰਘ ਸ਼ੇਰਾ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਕੁਝ ਹੋਰ ਲੋਕਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੰਦੇ ਹੋਏ ਆਪਣੇ ਫੇਸਬੁੱਕ ਉੱਤੇ ਇੱਕ ਪੋਸਟ ਵੀ ਪਾ ਦਿੱਤੀ ਸੀ। ਐਸਐਸਪੀ ਨੇ ਦੱਸਿਆ ਕਿ ਕਤਲ ਦੇ ਦਿਨ ਤੋਂ ਹੀ ਪੁਲਿਸ ਟੀਮਾਂ ਉਸ ਦਾ ਪਿੱਛਾ ਕਰ ਰਹੀਆਂ ਸਨ। ਸ਼ੇਰਾ ਲਗਾਤਾਰ ਵੱਖ-ਵੱਖ ਰਾਜਾਂ ਜਿਵੇਂ ਕਿ ਹਰਿਆਣਾ, ਯੂ ਪੀ, ਬਿਹਾਰ, ਮਹਾਰਾਸ਼ਟਰ ਅਤੇ ਉੜੀਸਾ ਵਿਚ ਆਪਣੇ ਟਿਕਾਣੇ ਬਦਲ ਰਿਹਾ ਸੀ ਅਤੇ ਅਖੀਰ ਤੇਲੰਗਾਨਾ ਵਿੱਚ ਉਸ ਦੇ ਪਹੁੰਚਣ ਦਾ ਪਤਾ ਲਗਾ ਲਿਆ ਗਿਆ।
ਟਾਂਡਾ ਦੇ ਪਾਦਰੀ ਦੀ ਲੁੱਟੀ ਗਈ ਕਾਰ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਸੀ। ਉਸਨੂੰ ਸ਼ੇਰਾ ਦੁਆਰਾ ਕਿਸੇ ਖਰਾਬੀ ਕਾਰਨ ਉਥੇ ਛੱਡ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ 29 ਜੂਨ ਨੂੰ ਪੁਲਿਸ ਟੀਮਾਂ ਤੇਲੰਗਾਨਾ ਵਿੱਚ ਉਸ ਦੇ ਠਿਕਾਣਿਆਂ ਤੇ ਛਾਪੇਮਾਰੀ ਕਰਨ ਜਾ ਰਹੀਆਂ ਸਨ। ਇਸ ਦੌਰਾਨ ਜਾਣਕਾਰੀ ਮਿਲੀ ਕਿ ਸ਼ੇਰਾ ਨੇ ਕੁਝ ਲੜਕੀਆਂ ਦੇ ਪਿਸਤੌਲ ਦਿਖਾ ਕੇ ਅਤੇ ਉਨ੍ਹਾਂ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਦੇ ਕੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਲੜਕੀਆਂ ਡਰ ਗਈਆਂ ਅਤੇ ਮੁੱਖ ਸੜਕ ਵੱਲ ਭੱਜ ਕੇ 100 ਨੰਬਰ ਡਾਇਲ ਕੀਤਾ, ਜਿਸ ਤੋਂ ਬਾਅਦ ਗਾਚੀਬੋਵਲੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਟੀਮਾਂ ਨੇ ਉਸਨੂੰ ਉਥੇ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਤੇ ਦਿੱਲੀ ‘ਚ ਅਗਲੇ 24 ਘੰਟਿਆਂ ਦੌਰਾਨ ਪਏਗਾ ਮੀਂਹ- ਮੌਸਮ ਵਿਭਾਗ ਦੀ ਭਵਿੱਖਬਾਣੀ
ਉਸਨੂੰ ਸ਼ੁੱਕਰਵਾਰ ਨੂੰ ਵਾਪਸ ਪੰਜਾਬ ਲਿਆਂਦਾ ਗਿਆ ਹੈ। ਪੁਲਿਸ ਟੀਮ ਉਸਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰੇਗੀ ਅਤੇ ਜਾਂਚ ਮੁਕੰਮਲ ਕਰਨ ਅਤੇ ਕਤਲ ਦੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਰਿਮਾਂਡ ਦੀ ਮੰਗ ਕਰੇਗੀ। ਐਸਐਸਪੀ ਨੇ ਕਿਹਾ ਕਿ ਮੁਕੁਲ ਦੀ ਹੱਤਿਆ ਵਿਚ ਵਰਤਿਆ ਗਿਆ ਹਥਿਆਰ ਵੀ ਤੇਲੰਗਾਨਾ ਪੁਲਿਸ ਨੇ ਜ਼ਬਤ ਕਰ ਲਿਆ ਹੈ।