ਅੰਤਰਰਾਸ਼ਟਰੀ ਮਾਸਟਰ ਅਥਲੀਟ ਮਾਨ ਕੌਰ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਹੁਣ ਉਹ ਪਹਿਲਾਂ ਨਾਲੋਂ ਕਿਤੇ ਸਿਹਤਮੰਦ ਲੱਗ ਰਹੇ ਹਨ। 105 ਸਾਲਾ ਮਾਨ ਕੌਰ ਦੇ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਜਦੋਂ ਮੈਡੀਕਲ ਸਟਾਫ ਨੇ ਉਨ੍ਹਾਂ ਨੂੰ ਨਾਸ਼ਤੇ ਲਈ ਖਾਣਾ ਖਾਣ ਲਈ ਕਿਹਾ, ਤਾਂ ਮਾਨ ਕੌਰ ਨੇ ਤੁਰੰਤ ਆਲੂ ਪਰੌਂਠਾ ਲਿਆਉਣ ਲਈ ਕਿਹਾ।
ਇਸ ਤੋਂ ਬਾਅਦ ਜਦੋਂ ਮੈਡੀਕਲ ਸਟਾਫ ਨੇ ਉਨ੍ਹਾਂ ਨੂੰ ਖਾਣ ਲਈ ਆਲੂ ਦਾ ਪਰੌਂਠਾ ਦਿੱਤਾ ਤਾਂ ਉਨ੍ਹਾਂ ਹਰੀਆਂ ਮਿਰਚਾਂ ਵੀ ਮੰਗੀਆਂ। ਸਿਹਤ ਦਾ ਹਵਾਲਾ ਦਿੰਦੇ ਹੋਏ ਮੈਡੀਕਲ ਸਟਾਫ ਨੇ ਮਿਰਚਾਂ ਦੇਣ ਤੋਂ ਇਨਕਾਰ ਕਰ ਦਿੱਤਾ।
ਮਾਨ ਕੌਰ ਪਿਛਲੇ ਦੋ ਹਫ਼ਤਿਆਂ ਤੋਂ ਲਿਕਵਿਡ ਡਾਇਟ ਲੈ ਰਹੇ ਸਨ, ਉਹ ਖਾਣਾ ਨਾ ਖਾਣ ਕਾਰਨ ਬਹੁਤ ਕਮਜ਼ੋਰ ਹੋ ਗਏ ਸਨ। ਮਾਨ ਕੌਰ ਦੀ ਹਾਲਤ ਵਿੱਚ ਸੁਧਾਰ ਵੇਖਦਿਆਂ, ਮੈਡੀਕਲ ਸਟਾਫ ਦੇ ਨਾਲ ਪਰਿਵਾਰ ਦੇ ਮੈਂਬਰਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਆ ਗਈ। ਹਰ ਕੋਈ ਉਨ੍ਹਾਂ ਦੀ ਜ਼ਿੰਦਾਦਿਲੀ ਵੇਖ ਕੇ ਹੈਰਾਨ ਰਹਿ ਗਿਆ।
ਤੁਹਾਨੂੰ ਦੱਸ ਦੇਈਏ ਕਿ ਮਾਨ ਕੌਰ ਗਾਲ ਬਲੈਡਰ ਦੇ ਕੈਂਸਰ ਨਾਲ ਜੂਝ ਰਹੀ ਹੈ। ਡਾਕਟਰਾਂ ਨੇ ਉਨ੍ਹਾਂ ਦੀ ਉਮਰ ਕਰਕੇ ਕੀਮੋ ਥੈਰੇਪੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਸ਼ੁੱਧੀ ਆਯੁਰਵੈਦ ਪੰਚਕਰਮਾ ਹਸਪਤਾਲ ਡੇਰਾਬੱਸੀ ਤੋਂ ਨੈਚੁਰਲ ਥੈਰੇਪੀ ਨਾਲ ਇਲਾਜ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਉਨ੍ਹਾਂ ਨੇ 93 ਸਾਲ ਦੀ ਉਮਰ ਵਿਚ ਦੌੜਨਾ ਸ਼ੁਰੂ ਕੀਤਾ। 105 ਸਾਲਾ ਐਥਲੀਟ ਮਾਨ ਕੌਰ ਕੌਮਾਂਤਰੀ ਪੱਧਰ ’ਤੇ 35 ਤੋਂ ਵੀ ਜ਼ਿਆਦਾ ਵੱਖ-ਵੱਖ ਇਵੈਂਟ ਵਿਚ ਮੈਡਲ ਜਿੱਤ ਚੁੱਕੀ ਹੈ। ਉਨ੍ਹਾਂ ਨੇ ਅਪਣੇ ਨਾਂ ਕਈ ਰਿਕਾਰਡ ਦਰਜ ਕਰਕੇ ਦੇਸ਼ ਦਾ ਮਾਣ ਵਧਾਇਆ ਹੈ।
ਇਹ ਵੀ ਪੜ੍ਹੋ : ਰਾਜਪੁਰਾ ‘ਚ ਕਿਸਾਨਾਂ ਨੇ ਘੇਰੇ ਭਾਜਪਾ ਆਗੂ, ਭਜਾ-ਭਜਾ ਕੁੱਟੇ, ਕੌਂਸਲਰ ਦੇ ਪਾੜੇ ਕੱਪੜੇ
ਇਸ ਦੇ ਚੱਲਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਵੀ ਕੀਤਾ ਸੀ। ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਇਕ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹੱਥ ਜੋੜ ਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ ਸੀ।