gurudwara manikaran sahib: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਸ੍ਰੀ ਮਣੀਕਰਨ ਸਾਹਿਬ ਹਿਮਾਲਿਆ ਦੀ ਗੋਦ ਵਿਚ 6 ਹਜ਼ਾਰ ਫੁੱਟ ਦੀ ਉਚਾਈ ‘ਤੇ ਵਸਿਆ ਇਕ ਰਮਣੀਕ ਧਾਰਮਿਕ ਅਸਥਾਨ ਸ਼ਾਂਤੀ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਚੰਡੀਗੜ੍ਹ ਤੋਂ 295 ਕਿਲੋਮੀਟਰ, ਭੂੰਤਰ ਤੋਂ 35 ਕਿਲੋਮੀਟਰ ਅਤੇ ਕੁਲੂ ਤੋਂ 44 ਕਿਲੋਮੀਟਰ ਦੂਰ ਸਥਿਤ ਹੈ। ਇਹ ਅਸਥਾਨ ਬਹੁਤ ਹੀ ਇਤਿਹਾਸਕ ਮਹੱਤਤਾ ਵਾਲਾ ਹੈ ਅਤੇ ਅਧਿਆਤਮਿਕਤਾ ਨਾਲ ਭਰਪੂਰ ਹੈ।
ਮਨੀਕਰਣ ਸਾਹਿਬ ਜੋ ਮੰਡੀ ਕੁਲੂ-ਮਨਾਲੀ ਰੋਡ ’ਤੇ ਸਥਿਤ ਭੁੰਤਰ ਤੋਂ 35 ਕਿਲੋਮੀਟਰ ਦੀ ਦੂਰੀ ’ਤੇ ਹਿੰਦੂ-ਸਿੱਖਾਂ ਦਾ ਸਾਂਝਾ ਧਾਰਮਿਕ ਇਤਿਹਾਸਕ ਅਤੇ ਪਵਿੱਤਰ ਅਸਥਾਨ ਹੈ। ਪਾਰਵਤੀ ਨਦੀ ਕੰਢੇ ਵਸੇ ਮਨੀਕਰਣ ਨੂੰ ਕੁਦਰਤ ਨੇ ਆਪਣੀਆਂ ਦਾਤਾਂ, ਚਾਰ-ਚੁਫੇਰੇ ਅਸਮਾਨ ਛੂੰਹਦੀਆਂ ਚੋਟੀਆਂ ਅਤੇ ਦਿਓਦਾਰ ਦੇ ਸੰਘਣੇ ਜੰਗਲਾਂ ਨੇ ਹਰਾ-ਭਰਾ ਵਾਤਾਵਰਨ ਨਾਲ ਬਖਸਿਆ ਹੈ।
ਸੰਨ 1517 ਈ: ਨੂੰ ਸ੍ਰੀ ਗੁਰੂ ਨਾਨਕ ਦੇਵ ਜੀ, ਭਾਈ ਬਾਲਾ ਤੇ ਭਾਈ ਮਰਦਾਨਾ ਨਾਲ ਮਨੀਕਰਣ ਪਹੁੰਚੇ। ਮਰਦਾਨੇ ਨੂੰ ਭੁੱਖ ਲੱਗ ਗਈ। ਉਸ ਨੇ ਗੁਰੂ ਜੀ ਨੂੰ ਆਖਿਆ, ‘ਮੇਰੇ ਕੋਲ ਆਟਾ ਤਾਂ ਹੈ ਪਰ ਅੱਗ ਤੇ ਬਰਤਨ ਦਾ ਕੋਈ ਸਾਧਨ ਨਹੀਂ।’ ਗੁਰੂ ਜੀ ਨੇ ਮਰਦਾਨੇ ਨੂੰ ਇੱਕ ਪੱਥਰ ਪਰਾਂ ਹਟਾਉਣ ਲਈ ਕਿਹਾ। ਜਦੋਂ ਮਰਦਾਨੇ ਪੱਥਰ ਹਟਾਇਆ ਤਾਂ ਹੇਠੋਂ ਉਬਲਦੇ ਪਾਣੀ ਦਾ ਚਸ਼ਮਾ ਪ੍ਰਗਟ ਹੋਇਆ। ਗੁਰੂ ਜੀ ਨੇ ਮਰਦਾਨੇ ਨੂੰ ਰੋਟੀਆਂ ਵੇਲ ਕੇ ਉਬਲਦੇ ਪਾਣੀ ਵਿੱਚ ਪਾਉਣ ਲਈ ਕਿਹਾ। ਜਦੋਂ ਮਰਦਾਨੇ ਨੇ ਰੋਟੀਆਂ ਪਾਈਆਂ ਤਾਂ ਸਾਰੀਆਂ ਡੁੱਬ ਗਈਆਂ। ਮਰਦਾਨਾ ਕਹਿਣ ਲੱਗਾ ਥੋੜ੍ਹਾ ਜਿਹਾ ਆਟਾ ਸੀ ਉਹ ਵੀ ਡੁੱਬ ਗਿਆ।
ਗੁਰੂ ਜੀ ਨੇ ਕਿਹਾ, ‘ਮਰਦਾਨਿਆ! ਇੱਕ ਰੋਟੀ ਅਰਦਾਸ ਕਰਕੇ ਰੱਬ ਦੇ ਨਾਂਅ ਪਾ ਦੇ।’ ਮਰਦਾਨੇ ਨੇ ਅਰਦਾਸ ਕਰ ਜਦੋਂ ਇੱਕ ਰੋਟੀ ਰੱਬ ਦੇ ਨਾਂਅ ਪਾਈ ਤਾਂ ਵੇਖਦਿਆਂ ਬਾਕੀ ਰੋਟੀਆਂ ਵੀ ਪੱਕ ਕੇ ਉਪਰ ਆ ਗਈਆਂ। ਅੱਜ ਵੀ ਗੁਰੂ ਜੀ ਦੇ ਪ੍ਰਗਟ ਕੀਤੇ ਚਸ਼ਮੇ ਵਿੱਚ ਉਸੇ ਤਰ੍ਹਾਂ ਲੰਗਰ ਪੱਕਦਾ ਹੈ। ਇਥੋਂ ਦਾ ਸ਼ਾਂਤ ਤੇ ਮਨਮੋਹਕ ਵਾਤਾਵਰਨ ਵੇਖ ਬਾਬਾ ਜੀ ਬਾਲੇ ਤੇ ਮਰਦਾਨੇ ਨਾਲ ਇਥੇ ਕੁੱਝ ਸਮੇਂ ਲਈ ਰੁਕ ਗਏ ਸਨ।