ਅਪਾਹਜ ਹੋਣ ਦੇ ਬਾਵਜੂਦ ਵੀ ਮਾਨਸਾ ਦੇ ਪਿੰਡ ਅਕਲੀਆ ਦਾ ਸੋਹਨ ਸਿੰਘ,ਨੇ 1992 ਤੋਂ ਨਹਿਰੂ ਯੁਵਾ ਕੇਂਦਰ ਨਾਲ ਜੁੜਕੇ ਕਈ ਜ਼ਿਲ੍ਹਿਆਂ ਵਿੱਚ ਸਾਖਰਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਕੇ ਨੈਸ਼ਨਲ ਯੂਥ ਐਵਾਰਡ ਅਤੇ ਸਟੇਟ ਯੂਥ ਐਵਾਰਡ ਪ੍ਰਾਪਤ ਕੀਤਾ ਸੀ। ਪਰ ਹੁਣ ਗਰੀਬੀ ਅਤੇ ਬਿਮਾਰੀ ਕਾਰਨ, ਇਹ ਸਮਾਜਸੇਵੀ ਖੁਦ ਕਿਸੇ ਹੋਰ ਸਮਾਜਸੇਵੀ ਦੀ ਉਡੀਕ ਵਿੱਚ ਹੈ ਜੋ ਉਸਦੀ ਬਿਮਾਰੀ ਦਾ ਇਲਾਜ ਕਰਵਾਉਣ ਵਿੱਚ ਉਸਦੀ ਸਹਾਇਤਾ ਕਰੇ। ਸੋਹਣ ਸਿੰਘ, ਜਿਸ ਨੇ 85 ਵਾਰ ਖੂਨਦਾਨ ਕਰਨ ਦੇ ਨਾਲ-ਨਾਲ ਉੜੀਸਾ ਅਤੇ ਗੁਜਰਾਤ ਰਾਜਾਂ ਵਿਚ ਆਈਆਂ ਆਫ਼ਤਾਂ ਦੌਰਾਨ ਲੋਕਾਂ ਦੀ ਸਹਾਇਤਾ ਕਰਨ ਵਾਲੇ ਸੋਹਣ ਸਿੰਘ ਦੀ ਇਨਫੈਕਸ਼ਨ ਹੋਣ ਕਾਰਨ ਪਹਿਲਾ ਲੱਤ ਕੱਟੀ ਗਈ ਅਤੇ ਫੇਰ ਅੱਖਾਂ ਦੀ ਰੋਸ਼ਨੀ ਚਲੀ ਗਈ। ਜਿਸ ਕਾਰਨ ਹੁਣ ਮੰਜਾ ਤੇ ਪਿਆ ਜਿੰਦਗੀ ਮੌਤ ਨਾਲ ਲੜਾਈ ਲੜ ਰਿਹਾ ਹੈ। ਅਜਿਹੀ ਸਥਿਤੀ ਵਿਚ ਸੋਹਣ ਸਿੰਘ ਅਤੇ ਉਸ ਦਾ ਪਰਿਵਾਰ ਸਰਕਾਰ ਅਤੇ ਸਮਾਜ ਸੇਵੀ ਲੋਕਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ।
ਮਾਨਸਾ ਦੇ ਪਿੰਡ ਅਕਲੀਆ ਵਿੱਚ 10 ਅਪ੍ਰੈਲ 1974 ਨੂੰ ਜਨਮੇ ਸੋਹਣ ਸਿੰਘ ਜਨਮ ਤੋਂ ਹੀ ਅੰਗਹੀਣ ਸਨ, ਫਿਰ ਵੀ 1992 ਵਿੱਚ, ਉਹ ਨਹਿਰੂ ਯੁਵਾ ਕੇਂਦਰ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੌਜਵਾਨ ਸਿਖਲਾਈ ਕੈਂਪਾਂ, ਹਾਈਕਿੰਗ ਟਰੈਕਿੰਗ ਕੈਂਪਾਂ ਅਤੇ ਐਨਐਸਐਸ ਰਾਹੀਂ ਕੰਮ ਕਰਕੇ ਸਮਾਜਸੇਵਾ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾ ਕੇ ਆਪਣਾ ਨਾਮ ਕਮਾਇਆ ਅਤੇ ਪਟਨਾ ਵਿੱਚ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਉੜੀਸਾ ਵਿੱਚ ਆਏ ਹੜ੍ਹਾਂ ਅਤੇ ਗੁਜਰਾਤ ਵਿੱਚ ਆਏ ਭੂਚਾਲ ਦੌਰਾਨ ਮੂਹਰਲੀ ਕਤਾਰ ਵਿੱਚ ਕੰਮ ਕਰਨ ਬਦਲੇ ਰਾਸ਼ਟਰੀ ਯੁਵਾ ਪੁਰਸਕਾਰ ਅਤੇ ਪੰਜਾਬ ਸਰਕਾਰ ਵੱਲੋ ਸਟੇਟ ਯੂਥ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪਰ ਦੋ ਸਾਲ ਪਹਿਲਾ ਲੱਤ ਵਿੱਚ ਇਨਫੈਕਸ਼ਨ ਰਹਿਣ ਕਾਰਨ ਪਹਿਲਾ ਲੱਤ ਕੱਟੀ ਗਈ ਅਤੇ ਬਾਅਦ ਚ ਅੱਖਾਂ ਦੀ ਰੋਸ਼ਨੀ ਚਲੀ ਗਈ ਜਿਸ ਕਾਰਨ ਸੋਹਣ ਸਿੰਘ ਹੁਣ ਮੰਜੇ ਤੇ ਪਿਆ ਹੈ। ਸੋਹਨ ਸਿੰਘ ਨੇ ਕਿਹਾ ਕਿ ਹੁਣ ਮੈਂ ਕਿਧਰੇ ਨਹੀਂ ਜਾ ਸਕਦਾ ਅਤੇ ਮੇਰੇ ਕੋਲ ਦਵਾਈ ਲਈ ਪੈਸੇ ਵੀ ਨਹੀਂ ਹਨ ਅਤੇ ਹੁਣ ਮੇਰੇ ਸਿਰ ‘ਤੇ ਡੇਢ ਲੱਖ ਦਾ ਕਰਜ਼ਾ ਵੀ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੀ ਮਾੜੀ ਸਥਿਤੀ ਬਾਰੇ ਸਰਕਾਰ ਨੂੰ ਕਈ ਵਾਰ ਲਿਖਤੀ ਪੱਤਰ ਭੇਜੇ ਹਨ ਪਰ ਸਰਕਾਰ ਨੇ ਉਸਦੀ ਇਕ ਨਹੀਂ ਸੁਣੀ।
ਸੋਹਨ ਸਿੰਘ ਪਾਸ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਹੁਣ ਉਹ ਆਪਣਾ ਇਲਾਜ ਕਰਵਾਉਣ ਲਈ ਕਦੇ ਸਰਕਾਰ ਅਤੇ ਕਦੇ ਸਮਾਜ ਸੇਵੀ ਸੰਸਥਾਵਾਂ ਨੂੰ ਉਡੀਕ ਰਿਹਾ ਹੈ। ਉਸਦੇ ਪਿਤਾ ਨੇ ਪਿੰਡ ਵਿਚ ਜੁੱਤੀਆਂ ਦਾ ਨਿੱਕਾ ਮੋਟਾ ਜੁਗਾੜ ਕਰਕੇ ਪਰਿਵਾਰ ਦੀ ਰੋਟੀ ਦਾ ਗੁਜ਼ਾਰਾ ਕੀਤਾ ਜਾ ਰਿਹਾ ਹੈ, ਅਜਿਹੀ ਸਥਿਤੀ ਵਿਚ ਸੋਹਣ ਸਿੰਘ ਦੀ ਮਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਸਿਰ ਚੜੇ ਡੇਢ ਲੱਖ ਦੇ ਕਰਜੇ ਨੂੰ ਮਾਫ ਕਰੇ ਅਤੇ ਨਾਲ ਹੀ ਇਲਾਜ ਲਈ ਵੀ ਸੋਹਣ ਸਿੰਘ ਦੀ ਮੱਦਦ ਕਰੇ। ਪਿੰਡ ਵਾਸੀ ਬਲਜੀਤ ਸਿੰਘ ਨੇ ਕਿਹਾ ਕਿ ਸੋਹਣ ਸਿੰਘ ਅਕਲੀਆ ਸਿਰਫ ਸਾਡੇ ਪਿੰਡ ਦਾ ਹੀ ਨਹੀਂ ਬਲਕਿ ਪੂਰੇ ਮਾਨਸਾ ਜ਼ਿਲ੍ਹੇ ਦਾ ਮਾਣ ਹੈ ਕਿਉਂਕਿ ਸੋਹਣ ਸਿੰਘ ਇਕੱਲਾ ਅਜਿਹਾ ਵਿਅਕਤੀ ਹੈ ਜਿਸ ਨੂੰ ਮਾਨਸਾ ਜ਼ਿਲ੍ਹੇ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੋਹਣ ਸਿੰਘ ਅੱਜ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਪਰ ਕੋਈ ਉਸ ਦੀ ਸਾਰ ਨਹੀਂ ਲੈ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਮਾਜ ਸੇਵੀਆਂ ਨੂੰ ਅਜਿਹੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਸਮਾਜ ਸੇਵਾ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਸੋਹਣ ਸਿੰਘ ਦਾ ਕਰਜ਼ਾ ਮੁਆਫ ਕਰੇ ਅਤੇ ਇਲਾਜ ਵੀ ਕਰਵਾਏ।