ਇੰਗਲੈਂਡ ਦੌਰੇ ‘ਤੇ ਗਏ ਭਾਰਤੀ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਪੰਤ ਕੁਝ ਦਿਨ ਪਹਿਲਾਂ ਹੀ ਯੂਰੋ ਕੱਪ ਵਿੱਚ ਇੰਗਲੈਂਡ ਅਤੇ ਜਰਮਨੀ ਵਿਚਾਲੇ ਹੋਏ ਮੁਕਾਬਲੇ ਨੂੰ ਦੇਖਣ ਲੰਡਨ ਦੇ ਵੇਂਬਲੇ ਸਟੇਡੀਅਮ ਗਏ ਸਨ । ਸਟੇਡੀਅਮ ਵਿੱਚ ਪੰਤ ਨੂੰ ਹਜ਼ਾਰਾਂ ਲੋਕਾਂ ਵਿੱਚ ਬਿਨ੍ਹਾਂ ਮਾਸਕ ਦੇ ਦੇਖਿਆ ਗਿਆ ਸੀ।
ਪੰਤ ਦੀ ਇਹ ਨਾਦਾਨੀ ਉਸ ‘ਤੇ ਭਾਰੀ ਪੈ ਗਈ ਤੇ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ । ਪੰਤ ਨੂੰ 18 ਜੁਲਾਈ ਤੱਕ ਆਈਸੋਲੇਸ਼ਨ ਵਿੱਚ ਰਹਿਣਾ ਹੋਵੇਗਾ। ਇਸ ਤੋਂ ਬਾਅਦ ਉਸ ਦਾ ਕੋਰੋਨਾ ਟੈਸਟ ਦੁਬਾਰਾ ਕੀਤਾ ਜਾਵੇਗਾ । ਜੇ ਪੰਤ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਹ 20 ਜੁਲਾਈ ਤੋਂ ਡਰਹਮ ਵਿੱਚ ਹੋਣ ਵਾਲੇ ਅਭਿਆਸ ਮੈਚ ਵਿੱਚ ਹਿੱਸਾ ਲੈਣ ਦੇ ਯੋਗ ਹੋ ਸਕਣਗੇ।
ਦੱਸ ਦੇਈਏ ਕਿ BCCI ਦੇ ਸਕੱਤਰ ਜੈ ਸ਼ਾਹ ਨੇ ਹਾਲ ਹੀ ਵਿੱਚ ਬ੍ਰਿਟੇਨ ਵਿੱਚ ਮੌਜੂਦ ਭਾਰਤੀ ਟੀਮ ਨੂੰ ਇੱਕ ਈ-ਮੇਲ ਭੇਜਿਆ ਸੀ, ਜਿਸ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਬਾਰੇ ਚੇਤਾਵਨੀ ਦਿੱਤੀ ਗਈ ਸੀ। ਅਗਲੇ ਮਹੀਨੇ ਤੋਂ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਡਰਹਮ ਵਿੱਚ ਜੀਵ-ਵਿਗਿਆਨਕ ਤੌਰ ‘ਤੇ ਸੁਰੱਖਿਅਤ ਵਾਤਾਵਰਣ ਵਿੱਚ ਇਕੱਠੇ ਹੋਣਾ ਹੈ।
ਇਹ ਵੀ ਪੜ੍ਹੋ: ਲੁਧਿਆਣਾ ਦੀ ਸਿੱਧਵਾਂ ਨਹਿਰ ‘ਚੋਂ 1 ਬੱਚੇ ਸਣੇ 3 ਲਾਸ਼ਾਂ ਬਰਾਮਦ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ
ਜ਼ਿਕਰਯੋਗ ਹੈ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ਬੀਸੀਸੀਆਈ ਵੱਲੋਂ ਟੀਮ ਇੰਡੀਆ ਦੇ ਖਿਡਾਰੀਆਂ ਅਤੇ ਸਟਾਫ ਨੂੰ 20 ਦਿਨਾਂ ਦੀ ਛੁੱਟੀ ਦਿੱਤੀ ਗਈ ਸੀ। ਇਸ ਦੌਰਾਨ ਖਿਡਾਰੀਆਂ ਨੂੰ ਇੰਗਲੈਂਡ ਵਿੱਚ ਕਿਤੇ ਵੀ ਜਾਣ ਦੀ ਆਗਿਆ ਦਿੱਤੀ ਗਈ ਸੀ। ਪੰਤ ਤੋਂ ਇਲਾਵਾ ਕੁਝ ਹੋਰ ਖਿਡਾਰੀ ਵੀ ਯੂਰੋ ਕੱਪ ਅਤੇ ਵਿੰਬਲਡਨ ਦਾ ਮੈਚ ਦੇਖਣ ਗਏ ਸਨ ।