ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਨੂੰ ਲੈ ਕੇ ਹਾਈਵੋਲਟੇਜ ਡਰਾਮਾ ਜਾਰੀ ਹੈ। ਸਿੱਧੂ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਪਾਰਟੀ ਦੀ ਕਾਰਜਕਾਰੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੀਟਿੰਗ ਕੀਤੀ।
ਇਸਦੇ ਨਾਲ ਹੀ ਸਿੱਧੂ ਦੀ ਮੁਲਾਕਾਤ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਇੱਕ ਪੱਤਰ ਲਿਖਿਆ। ਮਿਲੀ ਜਾਣਕਾਰੀ ਮੁਤਾਬਕ ਕੈਪਟਨ ਨੇ ਸੋਨੀਆ ਨੂੰ ਲਿਖਿਆ ਹੈ ਕਿ ਸਿੱਧੂ ਨੂੰ ਜੇਕਰ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਤਾਂ ਕਾਂਗਰਸ ਵਿੱਚ ਫੁੱਟ ਪੈ ਜਾਏਗੀ।
ਕੈਪਟਨ ਨੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਸੋਨੀਆ ਗਾਂਧੀ ਨੂੰ ਸੂਬੇ ਦੀ ਸਿਆਸਤ ਵਿੱਚ ਦਖਲ ਨਾ ਦੇਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਇਸ ਨਾਲ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ‘ਤੇ ਸਿੱਧਾ ਅਸਰ ਪੈ ਸਕਦਾ ਹੈ।
ਉਨ੍ਹਾਂ ਲਿਖਿਆ ਕਿ ਹਾਈਕਮਾਨ ਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬ ਦੇ ਹਾਲਾਤ ਇੰਨੇ ਅਨੁਕੂਲ ਨਹੀਂ ਹਨ ਅਤੇ ਇਸ ਦਾ ਨੁਕਸਾਨ ਪਾਰਟੀ ਤੇ ਸਰਕਾਰ ਦੋਵਾਂ ਨੂੰ ਝੱਲਣਾ ਪੈ ਸਕਦਾ ਹੈ।
ਦੂਜੇ ਪਾਸੇ ਹਰੀਸ਼ ਰਾਵਤ ਕੱਲ੍ਹ ਵਿਵਾਦ ਸੁਲਝਾਉਣ ਲਈ ਚੰਡੀਗੜ੍ਹ ਆਉਣਗੇ। ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ ਅਤੇ ਪੂਰੇ ਮਾਮਲੇ ਬਾਰੇ ਵਿਚਾਰ-ਵਟਾਂਦਰੇ ਕਰਨਗੇ। ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਮਾਮਲੇ ਵਿਚ ਸਥਿਤੀ ਸਾਫ ਹੋ ਜਾਵੇਗੀ।
ਉਥੇ ਹੀ ਪੰਜਾਬ ਵਿੱਚ ਸਿੱਧੂ ਦੇ ਹਮਾਇਤੀਆਂ ਨੇ ਬੀਤੇ ਦਿਨ ਉਨ੍ਹਾਂ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਨੂੰ ਲੈ ਕੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਉਸਦੇ ਸਮਰਥਕ ਸਿੱਧੂ ਦੀ ਕੋਠੀ ਦੇ ਬਾਹਰ ਅੰਮ੍ਰਿਤਸਰ ਵਿੱਚ ਢੋਲ ਲੈ ਕੇ ਪਹੁੰਚੇ ਅਤੇ ਭੰਗੜਾ ਵੀ ਪਾਇਆ ਗਿਆ, ਪਰ ਕੋਈ ਅਧਿਕਾਰਤ ਐਲਾਨ ਨਾ ਹੋਣ ਕਰਕੇ ਵਾਪਸ ਚਲੇ ਗਏ।
ਇਹ ਵੀ ਪੜ੍ਹੋ : ਕਰਜ਼ਾ ਮੁਆਫੀ ‘ਤੇ ਅਲੋਚਨਾ ਲਈ ਕੇਜਰੀਵਾਲ ‘ਤੇ ਵਰ੍ਹੇ ਕੈਪਟਨ, ਖੋਲ੍ਹ ਦਿੱਤੀ ਦਿੱਲੀ ‘ਚ ਅਸਫਲਤਾਵਾਂ ਦੀ ਪੰਡ
ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਨੇ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਦਿੱਲੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਓਐਸਡੀ ਨਰਿੰਦਰ ਭਾਂਭਰੀ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਬੈਠਕ ਤੋਂ ਠੀਕ ਪਹਿਲਾਂ ਮਿਲੇ। ਉਸ ਵੇਲੇਭਾਂਬਰੀ ਦੇ ਹੱਥ ਵਿਚ ਵੀ ਇੱਕ ਲਿਫਾਫਾ ਸੀ ਜੋ ਸੋਨੀਆ ਗਾਂਧੀ ਨੂੰ ਦੇ ਕੇ ਆਏ।