ਬਰਨਾਲਾ ਦੇ ਲਵਪ੍ਰੀਤ ਦੀ ਮੌਤ ਤੋਂ ਬਾਅਦ ਸੋਸ਼ਲ਼ ਮੀਡੀਆ ‘ਤੇ ਉਸ ਦੀ ਪਤਨੀ ਬੇਅੰਤ ਕੌਰ ‘ਤੇ ਲਗਾਤਾਰ ਦੋਸ਼ ਲਾਏ ਜਾ ਰਹੇ ਹਨ ਕਿ ਉਸ ਤੋਂ ਧੋਖਾ ਮਿਲਣ ਕਰਕੇ ਲਵਪ੍ਰੀਤ ਨੇ ਖੁਸ਼ੀ ਕੀਤੀ। ਇਸ ਬਾਰੇ ਕਈ ਤਰ੍ਹਾਂ ਦੀਆਂ ਪੋਸਟਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਲਵਪ੍ਰੀਤ ਦੀ ਮੌਤ ਦੇ ਲੱਗਭਗ ਦੋ ਮਹੀਨਿਆਂ ਬਾਅਦ ਉਸ ਦੀ ਪਤਨੀ ਬੇਅੰਤ ਕੌਰ ਮੀਡੀਆ ਸਾਹਮਣੇ ਆਈ ਅਤੇ ਉਸ ਨੇ ਆਪਣਾ ਪੱਖ ਰੱਖਿਆ।
ਬੇਅੰਤ ਕੌਰ ਨੇ ਕਿਹਾ ਕਿ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਲਵਪ੍ਰੀਤ ਉਸ ਵੱਲੋਂ ਪ੍ਰੇਸ਼ਾਨ ਨਹੀਂ ਸੀ। ਉਸ ਖਿਲਾਫ ਲਵਪ੍ਰੀਤ ਦੇ ਪਰਿਵਾਰ ਵੱਲੋਂ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ ਅਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਹਾਲਾਂਕਿ ਜਿਨ੍ਹਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਉਹ ਵੀ ਉਸ ‘ਤੇ ਦੋਸ਼ ਲਾ ਰਹੇ ਹਨ।
ਉਸ ਨੇ ਦੱਸਿਆ ਕਿ ਉਹ ਕੈਨੇਡਾ ਵਿੱਚ ਕੰਮ ਵੀ ਕਰਦੀ ਸੀ, ਜਿਸ ਦੀ ਸ਼ਿਫਟ 11 ਘੰਟੇ ਦੀ ਹੁੰਦੀ ਸੀ ਅਤੇ ਫਿਰ ਘਰ ਦਾ ਕੰਮ ਵੀ ਆ ਕੇ ਕਰਨਾ ਹੁੰਦਾ ਸੀ। ਦੂਜਾ ਕੈਨੇਡਾ ਵਿੱਚ ਜੇ ਦਿਨ ਹੈ ਤਾਂ ਉਥੇ ਰਾਤ। ਜਿਸ ਕਰਕੇ ਉਹ ਲਵਪ੍ਰੀਤ ਨੂੰ ਸਮਾਂ ਘੱਟ ਦੇ ਪਾਉਂਦੀ ਸੀ ਤੇ ਉਸ ਨਾਲ ਗੱਲ ਨਹੀਂ ਕਰ ਪਾਉਂਦੀ ਸੀ। ਫਿਰ ਵੀ ਉਹ ਵਿੱਚ-ਵਿੱਚ ਉਸ ਨਾਲ ਗੱਲਬਾਤ ਕਰਦੀ ਸੀ। ਉਹ ਲਵਪ੍ਰੀਤ ਨਾਲ ਇੱਕ ਸਾਲ ਮੰਗੀ ਰਹੀ ਅਤੇ ਵਿਆਹ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਵਿੱਚ 10 ਦਿਨ ਰਹੀ। ਉਸ ਤੋਂ ਬਾਅਦ ਉਸ ਨੂੰ ਕੈਨੇਡਾ ਆਉਣਾ ਪਿਆ ਪਰ ਇਸ ਦੌਰਾਨ ਉਨ੍ਹਾਂ ਵਿੱਚ ਕਦੇ ਕੋਈ ਝਗੜਾ ਨਹੀਂ ਹੋਇਆ।
ਬੇਅੰਤ ਕੌਰ ਨੇ ਕਿਹਾ ਕਿ ਜਦੋਂ ਲਵਪ੍ਰੀਤ ਨੇ ਉਸ ਨੂੰ ਸੁਸਾਈਡ ਨੋਟ ਭੇਜਿਆ ਤਾਂ ਉਸ ਨੇ ਆਪਣੀ ਨਣਾਨ ਨੂੰ ਇਸ ਬਾਰੇ ਦੱਸਿਆ, ਜਿਸ ਨਾਲ ਪੂਰੇ ਰਿਸ਼ਤੇਦਾਰਾਂ ਨੂੰ ਇਹ ਗੱਲ ਪਤਾ ਚੱਲ ਗਈ ਸੀ। ਉਸ ਨੇ ਕਿਹਾ ਕਿ ਮੈਂ ਲਵਪ੍ਰੀਤ ਨੂੰ ਸਮਝਾਇਆ ਵੀ ਸੀ ਕਿ ਅਜਿਹਾ ਕੋਈ ਕਦਮ ਨਾ ਚੁੱਕੇ। ਉਸ ਨੇ ਦੱਸਿਆ ਕਿ ਕਦੇ-ਕਦੇ ਲਵਪ੍ਰੀਤ ਰਾਤ ਨੂੰ ਗਿਲੇ-ਸ਼ਿਕਵੇ ਭਰੀਆਂ ਗੱਲਾਂ ਕਰਦਾ ਸੀ ਅਤੇ ਸਵੇਰੇ ਫਿਰ ਪਿਆਰ ਨਾਲ ਗੱਲ ਕਰਨ ਲੱਗ ਪੈਂਦਾ ਸੀ।
ਉਹ ਸ਼ਰਾਬ ਤਾਂ ਪੀਂਦਾ ਸੀ ਪਰ ਨਸ਼ਾ ਕੋਈ ਹੋਰ ਨਸ਼ਾ ਕਰਦਾ ਸੀ ਜਾਂ ਨਹੀਂ ਇਸ ਬਾਰੇ ਕਿਹਾ ਨਹੀਂ ਜਾ ਸਕਦਾ। ਕਈ ਵਾਰ ਉਸ ਦੇ ਵਤੀਰੇ ਤੋਂ ਉਸ ਨੂੰ ਅਜਿਹਾ ਲੱਗਦਾ ਸੀ। ਉਸ ਨੇ ਕਿਹਾ ਕਿ ਲਵਪ੍ਰੀਤ ਦੀ ਮੌਤ ਤੋਂ ਬਾਅਦ ਉਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਫੋਨ ਕੀਤੇ ਸਨ ਪਰ ਕਿਸੇ ਨੇ ਉਸ ਨੂੰ ਫੋਨ ਨਹੀਂ ਕੀਤੇ।
ਇਹ ਵੀ ਪੜ੍ਹੋ : ਲਵਪ੍ਰੀਤ ਖੁਦਕੁਸ਼ੀ ਮਾਮਲਾ : ਲੜਕੀ ਦਾ ਪਰਿਵਾਰ ਸਬੂਤਾਂ ਸਣੇ ਪਹੁੰਚਿਆ ਅਦਾਲਤ, ਵਕੀਲ ਨੇ ਕੀਤੇ ਵੱਡੇ ਖੁਲਾਸੇ
ਇੰਨੀ ਦੇਰ ਬਾਅਦ ਮੀਡੀਆ ਸਾਹਮਣੇ ਆਉਣ ਬਾਰੇ ਬੇਅੰਤ ਨੇ ਕਿਹਾ ਕਿ ਮੈਂ ਕੈਨੇਡਾ ਵਿੱਚ ਇਕੱਲੀ ਰਹਿੰਦੀ ਹਾਂ ਤੇ ਲਵਪ੍ਰੀਤ ਦੀ ਮੌਤ ਨਾਲ ਮੈਂ ਇਕਦਮ ਟੁੱਟ ਗਈ। ਦੋ ਹਫਤਿਆਂ ਤੋਂ ਮੈਂ ਇੱਕੋ ਕਮਰੇ ਵਿੱਚ ਬੰਦ ਹਾਂ ਕਿਤੇ ਬਾਹਰ ਨਹੀਂ ਨਿਕਲੀ। ਸੋਸ਼ਲ ਮੀਡੀਆ ‘ਤੇ ਇੰਨੀਆਂ ਵਾਇਰਲ ਪੋਸਟਾਂ ਦੇਖ ਕੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਲਵਪ੍ਰੀਤ ਦੀ ਹੁਣ ਤੱਕ ਕੈਨੇਡਾ ਲਈ ਫਾਈਲ ਨਾ ਲਗਾਉਣ ਬਾਰੇ ਉਸ ਨੇ ਕਿਹਾ ਕਿ ਲਵਪ੍ਰੀਤ ਨੇ ਆਪਣੇ ਏਜੰਟ ਤੋਂ ਪੁੱਛ ਕੇ ਦੱਸਿਆ ਕਿ ਘੱਟੋ-ਘੱਟ 6 ਮਹੀਨੇ ਪੁਰਾਣੀ ਮੈਰਿਜ ਤੋਂ ਬਾਅਦ ਫਾਈਲ ਰਿਫਿਊਜ਼ ਹੋਣ ਦੇ ਚਾਂਸ ਘੱਟ ਹੁੰਦੇ ਹਨ, ਜਿਸ ਕਰਕੇ ਉਸ ਨੇ ਫਾਈਲ ਨਹੀਂ ਲਗਾਈ ਸੀ।
ਸੋਸ਼ਲ ਮੀਡੀਆ ‘ਤੇ ਉਸ ਦੀ ਕਿਸੇ ਹੋਰ ਮੁੰਡੇ ਨਾਲ ਵਾਇਰਲ ਹੋ ਰਹੀ ਫੋਟੋ ‘ਤੇ ਉਸ ਨੇ ਕੁਝ ਵੀ ਸਫਾਈ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਜੇਕਰ ਲਵਪ੍ਰੀਤ ਦੇ ਪਰਿਵਾਰ ਵਾਲੇ ਕਾਨੂੰਨੀ ਲੜਾਈ ਲੜਨਾ ਚਾਹੁੰਦੇ ਹਨ ਤਾਂ ਮੈਂ ਤਿਆਰ ਹਾਂ। ਪਰ ਇਸ ਤਰ੍ਹਾਂ ਮੀਡੀਆ ਅੱਗੇ ਉਸ ਨੂੰ ਵਾਰ-ਵਾਰ ਬਦਨਾਮ ਨਾ ਕੀਤਾ ਜਾਵੇ। ਉਸ ਨੇ ਦੱਸਿਆ ਕਿ ਉਸ ਦਾ ਨੰਬਰ, ਐਡਰੈੱਸ ਤੇ ਈਮੇਲ ਤੱਕ ਅਣਪਛਾਤੇ ਲੋਕਾਂ ਨੂੰ ਦੇ ਦਿੱਤੀ ਗਈ ਹੈ, ਜਿਸ ਕਰਕੇ ਉਸ ਨੂੰ ਧਮਕੀ ਭਰੇ ਮੈਸੇਜ ਵੀ ਆ ਰਹੇ ਹਨ।