ਮੁਲਤਾਨ ਤੋਂ ਵਾਪਿਸ ਆ ਕੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਫਿਰ ਤੋਂ ਸਿਆਲਕੋਟ ਵੱਲ ਚੱਲ ਪਏ। ਪਿੰਡਾਂ ਵਿੱਚੋਂ ਲੰਘਦੇ ਹੋਏ ਪੁਰਾਣੇ ਸਤਸੰਗੀਆਂ ਨੂੰ ਕੀਰਤਨ ਰਾਹੀਂ ਪਰਮਾਤਮਾ ਨਾਲ ਜੋੜਦੇ ਹੋਏ ਸਿਆਲਕੋਟ ਪਹੁੰਚੇ। ਗੁਰੂ ਨਾਨਕ ਦੇਵ ਜੀ ਦੇ ਇਥੇ ਆਉਣ ਨਾਲ ਚੰਗੀ ਰੌਣਕ ਹੋ ਗਈ। ਗੁਰੂ ਨਾਨਕ ਦੇਵ ਜੀ ਕੁਝ ਦਿਨ ਇਥੇ ਰਹੇ ਤੇ ਸੰਗਤਾਂ ਨੂੰ ਕੀਰਤਨ ਰਾਹੀਂ ਗੁਰੂ ਸ਼ਬਦ ਨਾਲ ਜੋੜ ਕੇ ਨਿਹਾਲ ਕਰਦੇ ਰਹੇ।
ਗੁਰੂ ਨਾਨਕ ਦੇਵ ਜੀ ਦਾ ਪੁਰਾਣਾ ਸ਼ਰਧਾਲੂ ਮੂਲਾ ਵੀ ਸਿਆਲਕੋਟ ਰਹਿੰਦਾ ਸੀ, ਪਰ ਉਹ ਇਕ ਦਿਨ ਵੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਨਹੀਂ ਆਇਆ। ਉਹ ਮੂਲਾ ਜਿਸ ਨੇ ਕਿਹਾ ਸੀ ਕਿ ਮਰਨਾ ਸੱਚ ਤੇ ਜਿਊਣਾ ਝੂਠ, ਅੱਜ ਲੱਗਦਾ ਹੈ ਕਿ ਮਾਇਆ ਜੋੜਨ ਨੂੰ ਹੀ ਆਪਣੇ ਜੀਵਨ ਦਾ ਮਨੋਰਥ ਸਮਝੀ ਬੈਠਾ ਸੀ। ਮੂਲਾ ਮਾਇਆ ਦੇ ਵਿੱਚ ਇੰਨਾ ਖੁੱਭ ਗਿਆ ਸੀ ਕਿ ਕਦੇ ਸਤਿਸੰਗ ਕਰਨ ਲਈ ਵੀ ਨਹੀਂ ਆਇਆ।
ਮੂਲੇ ਨੂੰ ਸਤਿਸੰਗ ਵਿੱਚ ਨਾ ਆਇਆ ਵੇਖ ਕੇ ‘ਘਟ ਘਟ ਕੇ ਅੰਤਰ ਕੀ ਜਾਨਤ’ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਮੂਲੇ ਦੇ ਘਰ ਭੇਜਿਆ ਕਿ ਜਾ ਕੇ ਮੂਲੇ ਨੂੰ ਬੁਲਾ ਲਿਆਓ।
ਇਧਰ ਮੂਲੇ ਨੂੰ ਗੁਰੂ ਨਾਨਕ ਦੇਵ ਜੀ ਦੇ ਸਿਆਲਕੋਟ ਆਉਣ ਬਾਰੇ ਖਬਰ ਤਾਂ ਪਹਿਲਾਂ ਤੋਂ ਹੀ ਹੋ ਗਈ ਸੀ, ਪਰ ਮਾਇਆ ‘ਚ ਰੁੱਝੇ ਹੋਣ ਕਾਰਨ ਹੁਣ ਉਸ ਦਾ ਮਨ ਸਤਿਸੰਗ ਵਿੱਚ ਨਹੀਂ ਸੀ ਲਗਦਾ। ਉਸ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਸੀ ਕਿ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਸਿਆਲਕੋਟ ਆਏ ਹੋਏ ਹਨ। ਜੇ ਮੈਂ ਉਨ੍ਹਾਂ ਨੂੰ ਮਿਲਣ ਨਾ ਗਿਆ ਤਾਂ ਉਹ ਮੈਨੂੰ ਮਿਲਣ ਆ ਜਾਣਗੇ ਤੇ ਫਿਰ ਮੈਨੂੰ ਸਤਿਸੰਗ ਵਿੱਚ ਜਾਣਾ ਪੈਣਾ ਹੈ।
ਇਸ ਲਈ ਉਸ ਨੇ ਆਪਣੀ ਪਤਨੀ ਨਾਲ ਪਹਿਲਾਂ ਹੀ ਇਹ ਸਲਾਹ ਕਰ ਲਈ ਕਿ ਜੇ ਗੁਰੂ ਨਾਨਕ ਦੇਵ ਜੀ ਜਾਂ ਭਾਈ ਮਰਦਾਨਾ ਜੀ ਮੈਨੂੰ ਬੁਲਾਉਣ ਆਉਣ ਤਾਂ ਉਨ੍ਹਾਂ ਨੂੰ ਕਹਿ ਦੇਣਾ ਕਿ ਮੈਂ ਘਰ ਨਹੀਂ ਹਾਂ।
ਇੰਝ ਹੀ ਹੋਇਆ। ਜਦੋਂ ਭਾਈ ਮਰਦਾਨਾ ਜੀ ਮੂਲੇ ਨੂੰ ਬੁਲਾਉਣ ਲਈ ਉਸ ਦੇ ਘਰ ਪਹੁੰਚੇ ਤਾਂ ਉਸ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ। ਭਾਈ ਮਰਦਾਨਾ ਜੀ ਦੇ ਪੁੱਛਣ ‘ਤੇ ਉਹ ਕਹਿਣ ਲੱਗੀ ਕਿ ਮੂਲਾ ਤਾਂ ਘਰ ਨਹੀਂ ਹੈ। ਪਰ ਦੇਖੋ ਰੰਗ ਕਰਤਾਰ ਦੇ, ਮੂਲਾ ਜੋਕਿ ਘਰ ਦੇ ਅੰਦਰ ਹੀ ਲੁਕਿਆ ਹੋਇਆ ਸੀ, ਉਸ ਨੂੰ ਸੱਪ ਨੇ ਡੰਗ ਮਾਰ ਦਿੱਤਾ ਤੇ ਉਸ ਦੀ ਉਥੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ‘ਰਹਿਣੀ ਰਹੈ ਸੋਈ ਸਿਖ ਮੇਰਾ, ਓਹੁ ਸਾਹਿਬ ਮੈ ਉਸ ਕਾ ਚੇਰਾ’।
ਗੁਰੂ ਨਾਨਕ ਦੇਵ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਮੂਲੇ ਨੂੰ ਸੱਪ ਨੇ ਡੰਗ ਮਾਰਿਆ ਹੈ ਤੇ ਉਸ ਦੀ ਮੌਤ ਹੋ ਗਈ ਹੈ ਤਾਂ ਉਨ੍ਹਾਂ ਸੰਗਤਾਂ ਨੂੰ ਸਮਝਾਇਆ ਕਿ ਨਿਰਾ ਮਾਇਆ ਕਮਾਉਣ ਨੂੰ ਹੀ ਜੀਵਨ ਦਾ ਮਨੋਰਥ ਨਹੀਂ ਬਣਾਉਣਾ। ਮਾਇਆ ਸਤਿਸੰਗ ਵਿੱਚ ਬੈਠਣ ਨਹੀਂ ਦਿੰਦੀ, ਪ੍ਰਮਾਤਮਾ ਨਾਲੋਂ ਦੂਰੀ ਬਣਾ ਦਿੰਦੀ ਹੈ। ਸਭ ਤੋਂ ਵੱਡੀ ਗੱਲ ਇਹ ਕਿ ਆਪ ਵੀ ਕਿਸੇ ਦੀ ਸਹਾਈ ਨਹੀਂ ਹੁੰਦੀ। ਦਰਗਾਹੀ ਹੁਕਮ ਅਨੁਸਾਰ ਜੀਵਨ ਇਹ ਸਰੀਰ ਛੱਡ ਦਿੰਦਾ ਹੈ ਤੇ ਮਾਇਆ ਇਥੇ ਹੀ ਰਹਿ ਜਾਂਦੀ ਹੈ
ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਕੁਝ ਦਿਨ ਸਿਆਲਕੋਟ ਠਹਿਰ ਕੇ ਵਾਪਸ ਕਰਤਾਰਪੁਰ ਆ ਗਏ।