ਕੈਪਟਨ ਅਮਰਿੰਦਰ ਸਿੰਘ ਜਿਥੇ ਨਵਜੋਤ ਸਿੱਧੂ ਤੋਂ ਅਜੇ ਵੀ ਨਾਰਾਜ਼ ਚੱਲ ਰਹੇ ਹਨ ਉਥੇ ਕਈ ਮੰਤਰੀ ਤੇ ਵਿਧਾਇਕ ਸਿੱਧੂ ਦੇ ਸਮਰਥਨ ਵਿੱਚ ਨਜ਼ਰ ਆ ਰਹੇ ਹਨ। ਸੁਨੀਲ ਜਾਖੜ ਵੀ ਉਨ੍ਹਾਂ ਵਿੱਚੋਂ ਹੀ ਇੱਕ ਹਨ।
ਬੀਤੇ ਦਿਨ ਸਿੱਧੂ ਨੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਉਨ੍ਹਾਂ ਦੀ ਪੰਚਕੂਲਾ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਇੱਕ ਦੂਜੇ ਨੂੰ ਜੱਫੀ ਵੀ ਪਾਈ। ਦਰਅਸਲ, ਵਿਵਾਦ ਨੂੰ ਸੁਲਝਾਉਣ ਲਈ ਸਿੱਧੂ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਉਣ ਦਾ ਫਾਰਮੂਲਾ ਅੱਗੇ ਰੱਖਿਆ ਗਿਆ ਸੀ। ਹਾਲਾਂਕਿ, ਕੈਪਟਨ ਅਮਰਿੰਦਰ ਨੇ ਇਸ ਫੈਸਲੇ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ।
ਇਸ ਤੋਂ ਬਾਅਦ ਅੱਜ ਸੁਨੀਲ ਜਾਖੜ ਨੇ ਕਾਂਗਰਸੀ ਵਿਧਾਇਕਾਂ ਤੇ ਸੀਨੀਅਰ ਆਗੂਆਂ ਦੀ ਮੀਟਿੰਗ ਸੱਦੀ, ਤਾਂਜੋ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਮਤਾ ਪਾ ਕੇ ਭੇਜਿਆ ਜਾਵੇ ਅਤੇ ਉਹ ਪੰਜਾਬ ਲਈ ਫੈਸਲਾ ਲੈਣ। ਸੁਨੀਲ ਜਾਖੜ ਦੀਆਂ ਇਨ੍ਹਾਂ ਸਰਗਰਮੀਆਂ ‘ਤੇ ਪੀਪੀਸੀਸੀ ਦੇ ਮੈਂਬਰ ਸੁਖਪਾਲ ਖਹਿਰਾ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਪਹਿਲਾਂ ਕਾਂਗਰਸ ਦੇ ਪ੍ਰਧਾਨ ਦੇ ਐਲਾਨ ਦੀ ਉਡੀਕ ਕਰਨ ਅਤੇ ਪਾਰਟੀ ਵਿੱਚ ਏਕਤਾ ਬਣਾਈ ਰੱਖਣ।
ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਕਿਹਾ ਕਿ ਮੈਂ ਸੁਨੀਲ ਜਾਖੜ ਨੂੰ ਬੇਨਤੀ ਕਰਦਾ ਹਾਂ ਕਿ ਉਹ ਤਾਕਤ ਦਾ ਪ੍ਰਦਰਸ਼ਨ ਕਰਨ ਵਿਚ ਸ਼ਾਮਲ ਨਾ ਹੋਣ ਅਤੇ ਕਾਂਗਰਸ ਦੇ ਪ੍ਰਧਾਨ ਦੀ ਘੋਸ਼ਣਾ ਦੀ ਉਡੀਕ ਕਰ ਲੈਣ। ਜੇਕਰ ਪੀਪੀਸੀਸੀ ਭੰਗ ਹੋ ਜਾਂਦੀ ਹੈ ਤਾਂ ਅਜਿਹੀਆਂ ਮੀਟਿੰਗ ਦਾ ਕੋਈ ਮਤਲਬ ਨਹੀਂ ਹੋਵੇਗਾ। ਇਹ ਸਮਾਂ ਇਕਜੁੱਟ ਹੋਣ ਦਾ ਹੈ ਪਾੜਾ ਪਾਉਣ ਦਾ ਨਹੀਂ ਹੈ।
ਇਹ ਵੀ ਪੜ੍ਹੋ : Navjot Sidhu ਦੇ ਹੱਕ ‘ਚ ਸੁਨੀਲ ਜਾਖੜ ਦਾ ਵੱਡਾ ਦਾਅ, ਬੁਲਾਈ ਵਿਧਾਇਕਾਂ ਤੇ ਜਿਲ੍ਹਾਂ ਪ੍ਰਧਾਨਾਂ ਦੀ ਮੀਟਿੰਗ