ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਵਿਦੇਸ਼ ਜਾਣ ਲਈ ਹਰ ਇੱਕ ਹੱਥ ਕੰਡਾ ਬਣਾ ਰਹੇ ਹਨ ਤੇ ਕਈ ਨੌਜਵਾਨ ਆਪਣੀਆਂ ਜ਼ਮੀਨਾਂ ਗਹਿਣੇ ਪਾ ਕੇ ਲੱਖਾਂ ਰੁਪਏ ਲਗਾ ਕੇ ਆਪਣੀਆਂ ਪਤਨੀਆਂ ਨੂੰ ਵਿਦੇਸ਼ ਭੇਜਦੇ ਹਨ ਪਰ ਇਹ ਪਤਨੀਆਂ ਵਿਦੇਸ਼ ਪਹੁੰਚਣ ਉਪਰੰਤ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲੋਂ ਨਾਤਾ ਤੋੜ ਲੈਂਦੀਆਂ ਹਨ। ਜਿਸ ਦੀਆਂ ਕਈ ਉਦਾਹਰਨਾ ਹੁਣ ਸਾਹਮਣੇ ਆ ਰਹੀਆਂ ਹਨ।
ਇਸੇ ਹੀ ਤਰ੍ਹਾਂ ਦਾ ਇਕ ਮਾਮਲਾ ਹੁਣ ਸਾਹਮਣੇ ਆਇਆ ਹੈ। ਜ਼ਿਲ੍ਹਾ ਤਰਨਤਾਰਨ ਦੀ ਸਬ ਤਹਿਸੀਲ ਭਿੱਖੀਵਿੰਡ ਦੇ ਅਧੀਨ ਆਉਂਦੇ ਪਿੰਡ ਸਾਂਧਰਾ ਵਿਚੋਂ ਇਸ ਪਿੰਡ ਦੇ ਵਸਨੀਕ ਕੰਵਲ ਸਿੰਘ ਪੁੱਤਰ ਬਲਰਾਜ ਸਿੰਘ ਦਾ ਵਿਆਹ ਪਿੰਡ ਸਭਰਾ ਦੀ ਲਵਪ੍ਰੀਤ ਕੌਰ ਨਾਲ ਮਿਤੀ 8-4-2019 ਨੂੰ ਹੋਇਆ ਸੀ ਅਤੇ 30 ਜਨਵਰੀ 2020 ਨੂੰ ਉਸ ਨੇ ਚਾਰ ਏਕੜ ਜ਼ਮੀਨ 7 ਸਾਲ ਲਈ 20 ਲੱਖ ਰੁਪਏ ਵਿੱਚ ਗਹਿਣੇ ਕੀਤੀ ਤੇ ਕਰੀਬ 17 ਲੱਖ 50 ਹਜ਼ਾਰ ਰੁਪਏ ਖਰਚ ਕਰਕੇ ਆਪਣੀ ਪਤਨੀ ਨੂੰ ਇੰਗਲੈਂਡ ਭੇਜ ਦਿੱਤਾ। ਇੰਗਲੈਂਡ ਪਹੁੰਚਣ ਤੋਂ 20 ਦਿਨ ਤੱਕ ਪਤਨੀ ਨੇ ਸਹੀ ਤਰਾਂ ਨਾਲ ਸਪੰਰਕ ਕੀਤਾ ਪਰ ਬਾਅਦ ਵਿੱਚ ਉਸ ਦਾ ਰਵੱਈਆ ਬਦਲ ਗਿਆ। ਮੁੰਡੇ ਵਾਲੇ ਪੰਚਾਇਤ ਲ਼ੈ ਕੇ ਕੁੜੀ ਦੇ ਘਰ ਗਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਸ ਦਾ ਪਹਿਲਾ ਵੀ ਵਿਆਹ ਹੋਇਆ ਸੀ ਪਰ ਇਸ ਬਾਰੇ ਜਾਣਕਾਰੀ ਲੜਕੀ ਪਰਿਵਾਰ ਵੱਲੋਂ ਨਹੀਂ ਦਿੱਤੀ ਗਈ। ਪੀੜਤ ਪਰਿਵਾਰ ਨੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਤੇ ਲੜਕੀ ਨੂੰ ਵਾਪਸ ਭਾਰਤ ਡਿਪੋਰਟ ਕਰਨ ਦੀ ਮੰਗ ਕੀਤੀ ਹੈ।