ਕੈਨੇਡਾ ਸਰਕਾਰ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ‘ਤੇ ਲੱਗੀ ਪਾਬੰਦੀ ਨੂੰ 30 ਦਿਨਾਂ ਲਈ ਹੋਰ ਵਧਾ ਦਿੱਤੀ ਹੈ । ਇਹ ਪਾਬੰਦੀਆਂ 21 ਜੁਲਾਈ ਨੂੰ ਖਤਮ ਹੋਣੀਆਂ ਸਨ, ਪਰ ਹੁਣ ਇਹ 21 ਅਗਸਤ ਤੱਕ ਲਾਗੂ ਰਹਿਣਗੀਆਂ ।
ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਅਤੇ ਕੋਰੋਨਾ ਦੇ ਡੈਲਟਾ ਵੈਰੀਐਂਟ ਦੇ ਵੱਧ ਰਹੇ ਸੰਕ੍ਰਮਣ ਕਾਰਨ ਕੈਨੇਡਾ ਵਿੱਚ ਪਹਿਲੀ ਵਾਰ 22 ਅਪ੍ਰੈਲ ਨੂੰ ਲਗਾਏ ਜਾਣ ਤੋਂ ਬਾਅਦ ਇਹ ਚੌਥੀ ਵਾਰ ਹੈ ਜਦੋਂ ਪਾਬੰਦੀਆਂ ਨੂੰ ਵਧਾਇਆ ਗਿਆ ਹੈ।
ਦਰਅਸਲ, ਹੈਲਥ ਕੈਨੇਡਾ ਵੱਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ਇੱਕ ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਪਾਬੰਦੀ ਦਾ ਵਾਧਾ ਜਨ ਸਿਹਤ ਸਲਾਹ ਦੇ ਅਧਾਰ ‘ਤੇ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕੈਨੇਡਾ ਨੇ ਭਾਰਤ ਤੋਂ ਇਨਡਾਈਵਰਟ ਰੂਟ ਰਾਹੀਂ ਭਾਰਤ ਤੋਂ ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਤੀਸਰੇ ਦੇਸ਼ ਦੇ ਪ੍ਰੀ-ਡਿਪਾਰਚਰ ਕੋਵਿਡ-19 ਟੈਸਟ ਨਾਲ ਸਬੰਧਤ ਜ਼ਰੂਰਤ ਨੂੰ ਵੀ ਵਧਾ ਦਿੱਤਾ ਗਿਆ ਹੈ।
ਕੈਨੇਡਾ ਲਈ ਰਵਾਨਗੀ ਦੇ ਦੂਜੇ ਪੁਆਇੰਟ ‘ਤੇ ਜੁੜਨ ਵਾਲੇ ਭਾਰਤ ਦੇ ਯਾਤਰੀਆਂ ਨੂੰ ਆਪਣੀ ਯਾਤਰਾ ਜਾਰੀ ਰੱਖਣ ਤੋਂ ਪਹਿਲਾਂ ਇੱਕ ਪ੍ਰੀ ਡਿਪਾਰਚਰ ਕੋਵਿਡ ਨੈਗੇਟਿਵ ਆਰਟੀ-ਪੀਸੀਆਰ ਟੈਸਟ ਦੀ ਜ਼ਰੂਰਤ ਹੋਵੇਗੀ।
ਇਸ ਤੋਂ ਇਲਾਵਾ ਕੈਨੇਡਾ ਸਰਕਾਰ ਨੇ ਕਿਹਾ ਕਿ ਜੇਕਰ ਦੇਸ਼ ਵਿੱਚ ਕੋਰੋਨਾ ਦੀ ਸਥਿਤੀ ਠੀਕ ਰਹੀ ਤਾਂ ਉਹ 7 ਸਤੰਬਰ ਤੋਂ ਆਪਣੀਆਂ ਸਰਹੱਦਾਂ ਨੂੰ ਕਿਸੇ ਵੀ ਪੂਰੀ ਤਰ੍ਹਾਂ ਵੈਕਸੀਨੇਟ ਯਾਤਰੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਇਹ ਸਿਰਫ ਉਨ੍ਹਾਂ ਲੋਕਾਂ ‘ਤੇ ਲਾਗੂ ਹੋਵੇਗਾ, ਜਿਨ੍ਹਾਂ ਨੇ ਕੈਨੇਡਾ ਵਿੱਚ ਦਾਖਲ ਹੋਣ ਤੋਂ ਘੱਟੋ-ਘੱਟ 14 ਦਿਨ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਮਨਜ਼ੂਰ ਵੈਕਸੀਨ ਲਗਵਾਈ ਹੋਵੇ।
ਦੱਸ ਦੇਈਏ ਕਿ ਇਸ ਦਿਸ਼ਾ ਵਿੱਚ ਪਹਿਲੇ ਦੇ ਰੂਪ ਵਿੱਚ ਪੂਰੀ ਤਰ੍ਹਾਂ ਟੀਕਾ ਲਗਾਏ ਗਏ ਅਮਰੀਕੀ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਨੂੰ 9 ਅਗਸਤ ਨੂੰ ਗੈਰ-ਜ਼ਰੂਰੀ ਯਾਤਰਾ ਲਈ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਨਾਗਰਿਕਾਂ ਨੂੰ 9 ਅਗਸਤ ਤੋਂ ਬਾਅਦ ਟੈਸਟ ਦੀ ਜ਼ਰੂਰਤ ਨਹੀਂ ਹੋਵੇਗੀ।