ਵਿਸ਼ਵ ਪੱਧਰ ‘ਤੇ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਕੋਰੋਨਾ ਦਾ ਡੈਲਟਾ ਵੈਰੀਐਂਟ ਵਿਸ਼ਵ ਦੇ ਕਈ ਹੋਰ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਡੈਲਟਾ ਵੈਰੀਐਂਟ 100 ਤੋਂ ਵੱਧ ਦੇਸ਼ਾਂ ਵਿੱਚ ਫੈਲ ਗਿਆ ਹੈ ਤੇ ਇਹ ਜਲਦੀ ਹੀ ਵਿਸ਼ਵਵਿਆਪੀ ਪੱਧਰ ‘ਤੇ ਸਭ ਤੋਂ ਪ੍ਰਮੁੱਖ ਕੋਰੋਨਾ ਦਾ ਸਟ੍ਰੇਨ ਬਣ ਜਾਵੇਗਾ।
ਇਸ ਸਬੰਧੀ WHO ਦੀ ਚੋਟੀ ਦੀ ਵਿਗਿਆਨੀ ਅਤੇ ਦੱਖਣ ਪੂਰਬੀ ਏਸ਼ੀਆ ਦੀ ਖੇਤਰੀ ਨਿਰਦੇਸ਼ਕ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਕੋਰੋਨਾ ਦਾ ਡੈਲਟਾ ਵੈਰੀਐਂਟ ਦੂਜਿਆਂ ਨਾਲੋਂ ਤੇਜ਼ੀ ਨਾਲ ਫੈਲਦਾ ਹੈ । ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ WHO ਦੇ ਕੋਵਿਡ-19 ਵੈਕਸੀਨ ਗਲੋਬਲ ਐਕਸੈਸ (COVAX) ਪ੍ਰੋਗਰਾਮ ਰਾਹੀਂ ਭਾਰਤ ਨੂੰ ਮਾਡਰਨਾ ਵੈਕਸੀਨ ਦੀਆਂ 75 ਲੱਖ ਡੋਜ਼ ਦੀ ਪੇਸ਼ਕਸ਼ ਕੀਤੀ ਗਈ ਹੈ।
ਦਰਅਸਲ, ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਲਈ ਜਿੰਮੇਵਾਰ ਮੰਨੇ ਜਾਣ ਵਾਲੇ ਡੈਲਟਾ ਵੈਰੀਐਂਟ ਨੂੰ ਇਸ ਵਾਇਰਸ ਦੇ ਅਲਫ਼ਾ ਵੈਰੀਐਂਟ ਤੋਂ 40-60 ਪ੍ਰਤੀਸ਼ਤ ਵਧੇਰੇ ਛੂਤਕਾਰੀ ਹੈ। ਇਹ ਜਾਣਕਾਰੀ ਦਿੰਦਿਆਂ ਇੰਡੀਅਨ ਸਾਰਸ-ਕੋਵੀ -2 ਜੀਨੋਮਿਕਸ ਕੰਸੋਰਟੀਅਮ ਦੇ ਸਹਿ-ਚੇਅਰਮੈਨ ਡਾ. ਐਨ ਕੇ ਅਰੋੜਾ ਨੇ ਕਿਹਾ ਕਿ ਦੇਸ਼ ਵਿੱਚ ਰੋਜ਼ਾਨਾ ਰਿਪੋਰਟ ਕੀਤੇ ਗਏ ਨਵੇਂ ਕੇਸਾਂ ਵਿੱਚੋਂ 80 ਪ੍ਰਤੀਸ਼ਤ ਅਜੇ ਵੀ ਇਸ ਵੈਰੀਐਂਟ ਦੇ ਮਾਮਲੇ ਹਨ।
ਦੱਸ ਦੇਈਏ ਕਿ ਦੁਨੀਆ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਬ੍ਰਿਟੇਨ ਅਤੇ ਅਮਰੀਕਾ ਸਮੇਤ ਲਗਭਗ 100 ਦੇਸ਼ਾਂ ਵਿੱਚ ਇਹ ਵੈਰੀਐਂਟ ਫੈਲ ਗਿਆ ਹੈ। ਅਲਫ਼ਾ ਰੂਪ ਵੀ ਬ੍ਰਿਟੇਨ ਵਿਚ ਬਹੁਤ ਤੇਜ਼ੀ ਨਾਲ ਫੈਲਿਆ ਸੀ। ਬਾਅਦ ਵਿੱਚ ਬ੍ਰਿਟੇਨ ਦੇ ਬਹੁਤ ਸਾਰੇ ਖੇਤਰ ਡੈਲਟਾ ਵੈਰੀਐਂਟ ਦੀ ਚਪੇਟ ਵਿੱਚ ਆ ਗਏ ਸਨ। ਅਰੋੜਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਸਪਾਈਕ ਪ੍ਰੋਟੀਨ ਵਿੱਚ ਮਿਊਟੇਸ਼ਨ ਨਾਲ ਡੈਲਟਾ ਵੈਰੀਐਂਟ ਬਣਿਆ ਹੈ।