ਸ੍ਰੀ ਗੁਰੂ ਨਾਨਕ ਦੇਵ ਜੀ ਆਸਾਮ ਦੀ ਯਾਤਰਾ ਦੌਰਾਨ ਇੱਕ ਦਿਨ ਢਾਕੇ ਦੇ ਪਿੰਡ ਪੁੱਜੇ। ਉਥੇ ਇਕ ਭੂਮੀਆ ਨਾਂ ਦਾ ਜਾਣਿਆ ਪਛਾਣਿਆ ਅਮੀਰ ਰਹਿੰਦਾ ਸੀ। ਉਹ ਦਿਨ ਸਮੇਂ ਯਾਤਰੀਆਂ ਨੂੰ ਤੇ ਰਾਤ ਸਮੇਂ ਲੋਕਾਂ ਦੇ ਘਰ ਲੁੱਟਦਾ ਸੀ। ਉਹ ਯਾਤਰੀਆਂ ਨੂੰ ਰਹਿਣ ਲਈ ਮੁਫਤ ਰਿਹਾਇਸ਼ ਤੇ ਖਾਣਾ ਦਿੰਦਾ ਸੀ। ਭੂਮੀਆ ਆਪਣੇ ਪਿੰਡ ਦੇ ਹਰੇਕ ਵਿਅਕਤੀ ਨੂੰ ਕਹਿੰਦਾ ਸੀ ਕਿ ਸਾਰੇ ਯਾਤਰੀਆਂ ਨੂੰ ਮੇਰੇ ਕੋਲ ਭੇਜੋ ਤੇ ਜੋ ਵੀ ਉਸ ਦੀ ਗੱਲ ਨਹੀਂ ਮੰਨਦਾ ਸੀ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੰਦਾ। ਭੂਮੀਆ ਦਾ ਹੁਕਮ ਮੰਨ ਕੇ ਪਿੰਡ ਵਾਸੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਉਸ ਦੇ ਘਰ ਭੇਜ ਦਿੱਤਾ।
ਭੂਮੀਏ ਨੇ ਭੋਜਨ ਤਿਆਰ ਕੀਤਾ ਤੇ ਬਾਬੇ ਨਾਨਕ ਤੇ ਭਾਈ ਮਰਦਾਨਾ ਨੂੰ ਪਰੋਸ ਦਿੱਤਾ। ਭੋਜਨ ਛਕਣ ਤੋਂ ਪਹਿਲਾਂ ਗੁਰੂ ਜੀ ਨੇ ਪੁੱਛਿਆ ਕਿ ਤੂੰ ਆਪਣਾ ਗੁਜ਼ਾਰਾ ਕਿਵੇਂ ਕਰਦਾ ਹੈ। ਭੂਮੀਏ ਨੇ ਕਿਹਾ ਕਿ ਦਾਨ ਕਰਨਾ ਦਿਆਲਤਾ ਦਾ ਕੰਮ ਹੈ ਭਾਵੇਂ ਪੈਸਾ ਚੋਰੀ ਦਾ ਹੋਵੇ ਜਾਂ ਹੋਰਨਾਂ ਤੋਂ ਲੁੱਟਿਆ ਹੋਵੇ। ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਸੱਚ ਦੱਸ ਦਿੱਤਾ ਕਿ ਉਹ ਕੀ ਕੰਮ ਕਰਦਾ ਹੈ। ਇਸ ‘ਤੇ ਗੁਰੂ ਜੀ ਨੇ ਕਿਹਾ ਕਿ ਅਸੀਂ ਤੇਰਾ ਭੋਜਨ ਨਹੀਂ ਖਾ ਸਕਦੇ ਜਿੰਨੀ ਦੇਰ ਤੂੰ ਵਾਅਦਾ ਨਹੀਂ ਕਰਦਾ ਕਿ ਤੂੰ ਇਹ ਬੁਰੇ ਕੰਮ ਛੱਡ ਦੇਵੇਗਾ। ਭੂਮੀਏ ਨੇ ਕਿਹਾ ਚੋਰੀ ਕਰਨਾ ਮੇਰਾ ਪਿਤਾ ਪੁਰਖੀ ਕਿਤਾ ਹੈ। ਮੈਂ ਇਸ ਨੂੰ ਨਹੀਂ ਛੱਡ ਸਕਦਾ। ਗੁਰੂ ਜੀ ਨੇ ਕਿਹਾ ਕਿ ਜੇ ਤੂੰ ਚੋਰੀ ਨਹੀਂ ਛੱਡਣਾ ਚਾਹੁੰਦਾ ਤਾਂ ਤੇਰੀ ਇੱਛਾ ਪਰ ਤੂੰ ਮੇਰੇ ਤਿੰਨ ਵਚਨ ਜ਼ਰੂਰ ਮੰਨੀ। 1. ਗਰੀਬਾਂ ਨੂੰ ਕਦੇ ਨਾ ਲੁੱਟੀ, 2. ਹਮੇਸ਼ਾ ਸੱਚ ਬੋਲੀ ਤੇ 3. ਜਿਸ ਦਾ ਤੂੰ ਲੂਣ ਖਾਧਾ ਹੋਵੇ ਉਸ ਦੀ ਕਦੇ ਚੋਰੀ ਨਾ ਕਰੀ।
ਇਹ ਵੀ ਪੜ੍ਹੋ : ਜਦੋਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਲੋਕਾਂ ਨੂੰ ਮਿਲਿਆ ਮਿੱਠਾ ਜਲ
ਭੂਮੀਏ ਨੇ ਗਰੀਬਾਂ ਨੂੰ ਲੁੱਟਣਾ ਛੱਡ ਦਿੱਤਾ। ਇਕ ਰਾਤ ਉਹ ਘੋੜੇ ‘ਤੇ ਸਵਾਰ ਹੋ ਕੇ ਰਾਜੇ ਦੇ ਮਹਿਲ ਗਿਆ। ਪਹਿਰੇਦਾਰ ਨੇ ਪੁੱਛਿਆ ਕਿ ਤੁਸੀਂ ਕੌਣ ਹੋ? ਭੂਮੀਏ ਨੇ ਸੱਚ ਕਿਹਾ ਕਿ ਮੈਂ ਚੋਰ ਹਾਂ। ਪਹਿਰੇਦਾਰ ਨੇ ਇਸ ਨੂੰ ਮਜ਼ਾਕ ਸਮਝਿਆ ਤੇ ਅੱਗੇ ਜਾਣ ਦਿੱਤਾ। ਭੂਮੀਆ ਮਹਿਲ ‘ਚ ਗਿਆ ਤੇ ਕੀਮਤੀ ਚੀਜ਼ਾਂ ਇਕੱਠੀਆਂ ਕਰ ਲਈਆਂ ਤੇ ਜਦੋਂ ਜਾਣ ਲੱਗਾ ਤਾਂ ਉਸ ਨੂੰ ਭੁੱਖ ਲੱਗੀ। ਉਸ ਨੇ ਖਾਣਾ ਖਾਧਾ ਤਾਂ ਉਸ ਨੂੰ ਨਮਕ ਦਾ ਸੁਆਦ ਆਇਆ। ਫਿਰ ਉਸ ਨੇ ਸਾਰੀਆਂ ਕੀਮਤੀ ਚੀਜ਼ਾਂ ਛੱਡ ਦਿੱਤੀਆਂ ਤੇ ਵਾਪਸ ਘਰ ਚਲਾ ਗਿਆ। ਰਾਜੇ ਨੇ ਚੋਰੀ ਦਾ ਪਤਾ ਕਰਨ ਲਈ ਗਰੀਬਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਫਿਰ ਭੂਮੀਏ ਨੇ ਆਪ ਜਾ ਕੇ ਅਸਲੀਅਤ ਦੱਸੀ ਤੇ ਗੁਰੂ ਜੀ ਦੀਆਂ ਸਿੱਖਿਆਵਾਂ ਬਾਰੇ ਵੀ ਦੱਸਿਆ। ਰਾਜਾ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਤੂੰ ਸੱਚ ਬੋਲਿਆ। ਮੈਂ ਤੇਰਾ ਜੁਰਮ ਮੁਆਫ ਕਰਦਾ ਹਾਂ।