ਮੋਹਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਮੋਗਾ ਦੇ ਇੱਕ ਸ਼ਰਧਾਲੂ ਦੇ ਉਸ ਵੇਲੇ ਹੋਸ਼ ਉੱਡ ਗਏ ਜਦੋਂ ਉਸ ਦਾ ਨੋਟਾਂ ਨਾਲ ਭਰਿਆ ਬੈਗ ਹੀ ਕੋਈ ਲੈ ਕੇ ਰਫੂਚੱਕਰ ਹੋ ਗਿਆ। ਪੀੜਤ ਵਿਅਕਤੀ ਗੁਰਮੀਤ ਸਿੰਘ ਬਾਘਾਪੁਰਾਣਾ ਦਾ ਰਹਿਣ ਵਾਲਾ ਹੈ।
ਇਸ ਬਾਰੇ ਪੀੜਤ ਗੁਰਮੀਤ ਸਿੰਘ ਵਾਸੀ ਮੋਗਾ ਨੇ ਦੱਸਿਆ ਕਿ ਗੁਰਮੀਤ ਸਿੰਘ ਨੇ ਦੱਸਿਆ ਕਿ ਬੈਗ ਵਿਚ 4 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ, ਮੋਬਾਈਲ ਫੋਨ, ਦੋ ਪਾਸਪੋਰਟ ਤੇ ਹੋਰ ਦਸਤਾਵੇਜ਼ ਸਨ। ਉਹ ਕੁਝ ਮਹੀਨੇ ਪਹਿਲਾਂ ਹੀ ਥਾਈਲੈਂਡ ਤੋਂ ਪਰਤਿਆ ਹੈ। ਉਹ ਮਨਾਲੀ ਘੁੰਮਣ ਗਿਆ ਹੋਇਆ ਸੀ ਤੇ ਵਾਪਸੀ ਵੇਲੇ ਉਹ ਮੋਹਾਲੀ ਦੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਵਿਚ ਮੱਥਾ ਟੇਕਣ ਲਈ ਸਵੇਰੇ ਕਰੀਬ 9 ਵਜੇ ਪਹੁੰਚਿਆ।
ਜਦੋਂ ਉਹ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਾਣ ਲੱਗਾ ਤਾਂ ਇੱਕ ਵਿਅਕਤੀ ਉਥੇ ਖੜ੍ਹਾ ਸੀ, ਜਿਸ ਨੇ ਕਿਹਾ ਕਿ ਉਹ ਬੈਗ ਇਥੇ ਰੱਖ ਕੇ ਮੱਥਾ ਟੇਕ ਆਵੇ। ਉਸ ਨੇ ਅਜਿਹਾ ਹੀ ਕੀਤਾ। ਪਰ ਜਦੋਂ ਉਹ ਮੱਥਾ ਟੇਕ ਕੇ ਵਾਪਿਸ ਆਇਆ ਤਾਂ ਨਾ ਤਾਂ ਉਹ ਵਿਅਕਤੀ ਉਥੇ ਸੀ ਅਤੇ ਨਾ ਹੀ ਬੈਗ।
ਇਹ ਵੀ ਪੜ੍ਹੋ : ਜਲੰਧਰ ‘ਚ ਕਰਿਆਨਾ ਸਟੋਰ ਮਾਲਕ ਸਚਿਨ ਦੇ ਕਾਤਲਾਂ ਦੀ ਹੋਈ ਪਛਾਣ, ਪੁਲਿਸ ਨੇ ਜਾਰੀ ਕੀਤੀਆਂ ਤਸਵੀਰਾਂ
ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪੀੜਤ ਦੇ ਬਿਆਨਾਂ ‘ਤੇ ਸੋਹਾਣਾ ਥਾਣਾ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮ ’ਤੇ ਆਈਪੀਸੀ ਦੀ ਧਾਰਾ 379 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਗੁਰਦੁਆਰੇ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲ ਰਹੀ ਹੈ।